ਖਾਲਸਾ ਕਾਲਜ ਗੜ੍ਹਦੀਵਾਲਾ ’ਚ ਅਧਿਆਪਕਾਂ ਵੱਲੋਂ ਧਰਨਾ
ਜਗਜੀਤ ਸਿੰਘ
ਮੁਕੇਰੀਆਂ, 5 ਸਤੰਬਰ
ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਸੱਦੇ ’ਤੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਤੇ ਉੱਚ ਸਿੱਖਿਆ ਵਿਰੋਧੀ ਨੀਤੀਆਂ ਅਤੇ ਅਧਿਆਪਕਾਂ ਦੀਆ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆ ਕਰਵਾਉਣ ਲਈ ਦੋ ਪੀਰੀਅਡ ਦਾ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਪੀ.ਸੀ.ਸੀ.ਟੀ.ਯੂ. ਦੇ ਸੂਬਾਈ ਉੱਪ ਪ੍ਰਧਾਨ ਜਗਦੀਪ ਕੁਮਾਰ ਗੜ੍ਹਦੀਵਾਲਾ ਨੇ ਪੰਜਾਬ ਸਰਕਾਰ ਵੱਲੋਂ ਕਾਲਜ ਅਤੇ ਯੂਨੀਵਰਸਿਟੀ ਟੀਚਰਾਂ ਲਈ ਯੂਜੀਸੀ ਦੇ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਵਿੱਚ ਉਚੇਰੀ ਸਿੱਖਿਆ ਮਹਿਕਮੇ ਵੱਲੋਂ ਕੀਤੀ ਜਾ ਰਹੀ ਦੇਰੀ ਦਾ ਵਿਰੋਧ ਕੀਤਾ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੱਤਵੇਂ ਪੇ ਕਮਿਸ਼ਨ ਦੇ ਕੰਮ ਨੂੰ ਛੇਤੀ ਪੂਰਾ ਕਰਕੇ ਵਧੀ ਹੋਈ ਗਰਾਂਟ ਕਾਲਜਾਂ ਨੂੰ ਜਾਰੀ ਕੀਤੀ ਜਾਵੇ। ਸਾਰੇ ਹੀ ਅਧਿਆਪਕਾਂ ਦੀਆਂ ਪੋਸਟਾਂ ਨੂੰ 95% ਗ੍ਰਾਂਟ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ 75% ਗ੍ਰਾਂਟ ਨੂੰ ਵੀ 95% ਕੀਤਾ ਜਾਵੇ। ਕਾਲਜਾਂ ਵਿੱਚ ਖਾਲੀ ਪੋਸਟਾਂ ਦੀ ਭਰਤੀ ਉੱਤੇ ਲੱਗੀ ਰੋਕ ਤੁਰੰਤ ਹਟਾਈ ਜਾਵੇ ਅਤੇ ਕਾਲਜਾਂ ਵਿੱਚ ਪ੍ਰੋਫੈਸਰ ਦੀਆ ਪੋਸਟਾਂ ਦਿੱਤੀਆ ਜਾਣ। ਅਧਿਆਪਕਾਂ ਨੂੰ ਚਾਇਲਡ ਕੇਅਰ ਲੀਵ ਲਾਗੂ ਕੀਤੀ ਜਾਵੇ ਅਤੇ ਪ੍ਰਿੰਸੀਪਲ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਕੀਤੀ ਜਾਵੇ। ਇਸ ਮੌਕੇ ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਾਲਜ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ। ਇਸ ਮੌਕੇ ਕਾਲਜ ਯੂਨੀਅਨ ਦੇ ਪ੍ਰੋ. ਸੰਜੀਵ ਸਿੰਘ, ਡਾ. ਦਵਿੰਦਰ ਕੁਮਾਰ ਸੰਦਲ, ਦਵਿੰਦਰ ਕੁਮਾਰ, ਡਾ. ਸਤਵੰਤ ਕੌਰ, ਪ੍ਰੋ. ਪਵਿੱਤਰਜੀਤ ਕੌਰ, ਪ੍ਰੋ. ਨਰਿੰਦਰ ਕੌਰ, ਡਾ. ਰਵਿੰਦਰ ਕੌਰ, ਡਾ. ਕ੍ਰਿਤਿਕਾ ਸ਼ਰਮਾ, ਪ੍ਰੋ. ਜਸਪ੍ਰੀਤ ਕੌਰ ਤੇ ਪ੍ਰੋ. ਨੇਹਾ, ਆਦਿ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਅਧਿਆਪਨ ਅਮਲੇ ਨੇ ਵੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ।