ਵਿਸ਼ਿਆਂ ਦੀ ਤਾਣੀ ਸੁਲਝਾਉਣ ਲਈ ਵਿਦਿਆਰਥੀਆਂ ਵੱਲੋਂ ਰੋਸ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 27 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੂੰ ਸਬਜੈਕਟ ਕੰਬੀਨੇਸ਼ਨ ਚੁਣਨ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਅਤੇ ਸਿੱਖਿਆ ਨੀਤੀ-2020 ਨੂੰ ਮਨਸੂਖ਼ ਕਰਾਉਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਪੀਐੱਸਯੂ ਦੇ ਆਗੂ ਰਾਜਿੰਦਰ ਸਿੰਘ ਅਤੇ ਪਾਇਲ ਅਰੋੜਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ-ਜਿਵੇਂ ਨਵੀਂ ਸਿੱਖਿਆ ਨੀਤੀ-2020 ਲਾਗੂ ਹੋ ਰਹੀ ਹੈ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਐਨਈਪੀ ਤਹਿਤ ਨਵੇਂ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਕਿਹਾ ਗਿਆ ਸੀ, ਪ੍ਰੰਤੂ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਮਨਚਾਹੇ ਵਿਸ਼ੇ ਨਹੀਂ ਸਨ ਮਿਲ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵਿਦਿਆਰਥੀ ਬੀਏ ਵਿੱਚ 5 ਵਿਸ਼ੇ ਪੜ੍ਹਦਾ ਸੀ, ਜਦ ਕਿ ਹੁਣ ਉਸ ’ਤੇ 9 ਵਿਸ਼ੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਨਾਮ ਕੱਟਣ ਦੀਆਂ ਕਥਿਤ ਧਮਕੀਆਂ ਦੇ ਕੇ, ਧੱਕੇ ਨਾਲ ਸਬਜੈਕਟ ਕੰਬੀਨੇਸ਼ਨ ਚੁਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਧਰਨਾ ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਮਾਮਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਵਿਦਿਆਰਥੀਆਂ ਨੇ ਧਰਨੇ ਦੀ ਸਮਾਪਤੀ ਕਰ ਦਿੱਤੀ, ਪਰ ਇਸ ਦੇ ਨਾਲ ਹੀ ਆਗੂਆਂ ਨੇ ਇਹ ਐਲਾਨ ਵੀ ਕੀਤਾ ਕਿ ਜੇਕਰ ਮਾਮਲਾ ਸਹੀ ਢੰਗ ਨਾਲ ਜਲਦੀ ਹੱਲ ਨਾ ਕੀਤਾ ਗਿਆ, ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰੇਗੀ।