For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ’ਚ ਰੋਸ ਪ੍ਰਦਰਸ਼ਨ

06:56 AM Oct 26, 2023 IST
ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ’ਚ ਰੋਸ ਪ੍ਰਦਰਸ਼ਨ
ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਦੀ ਮੌਤ ਨੂੰ ਲੈ ਕੇ ਅੱਜ ਇੱਥੇ ਸਟੂਡੈਂਟਸ ਸੈਂਟਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਟੂਡੈਂਟ ਫਾਰ ਸੁਸਾਇਟੀ (ਐੱਸਐੱਫਐੱਸ) ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਪਿਛਲੇ ਦਿਨੀਂ ਬਲਵਿੰਦਰ ਕੌਰ ਨੇ ਖੁਦਕੁਸ਼ੀ ਕੀਤੀ ਸੀ। ਉਸਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਉਸ ਦੀ ਖੁਦਕੁਸ਼ੀ ਲਈ ਪੰਜਾਬ ਸਰਕਾਰ ਅਤੇ ਸੂਬੇ ਦੇ ਸਿੱਖਿਆ ਮੰਤਰੀ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਨੇ 1158 ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਰੋਕੀ ਹੋਈ ਹੈ। ਇਹ ਭਰਤੀ ਸਿਰੇ ਨਾ ਚੜ੍ਹਨ ਕਰਕੇ ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ ਅਤੇ ਕਈਆਂ ਦੀ ਜ਼ਿੰਦਗੀ ਲੀਹ ਤੋਂ ਲਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਉੱਚ ਸਿੱਖਿਆ ਦੇ ਖੇਤਰ ’ਚ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਦੋਸ਼ ਲਾਇਆ ਇਸ ਪੂਰੇ ਵਰਤਾਰੇ ਲਈ ਸਮੁੱਚਾ ਸਿਆਸੀ ਰਾਜ ਪ੍ਰਬੰਧ ਹੀ ਜ਼ਿੰਮੇਵਾਰ ਹੈ ਜੋ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਨੂੰ ਲਗਾਤਾਰ ਉਤਸ਼ਾਹਿਤ ਕਰਕੇ ਸਰਕਾਰੀ ਸਿੱਖਿਆ ਪ੍ਰਬੰਧ ਨੂੰ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ। ਉਚੇਰੀ ਸਿੱਖਿਆ ਦਾ ਬੁਰਾ ਹਾਲ ਹੋਣ ਕਰਕੇ ਪੰਜਾਬ ਵਿੱਚ ਸਰਕਾਰੀ ਕਾਲਜ ਅਬਾਦੀ ਦੇ ਅਨੁਪਾਤ ਅਨੁਸਾਰ ਬਹੁਤ ਘੱਟ ਹਨ ਅਤੇ ਉਹ ਵੀ ਕੱਚੇ ਅਧਿਆਪਕਾਂ ਦੇ ਸਿਰ ’ਤੇ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਤੇ ਲੋਕਾਂ ਦੇ ਸੰਘਰਸ਼ ਸਦਕਾ 25 ਸਾਲ ਬਾਅਦ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਗਿਆ ਸੀ।
ਵਿਦਿਆਰਥੀ ਆਗੂ ਨੇ ਕਿਹਾ ਕਿ ਸਿੱਖਿਆ ਦੇ ਨਿੱਜੀਕਰਨ ਦੀਆਂ ਪਹਿਰੇਦਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੋਚੀ ਸਮਝੀ ਸਾਜਿਸ਼ ਤਹਿਤ ਅੜਿੱਕੇ ਖੜ੍ਹੇ ਕੀਤੇ ਜਿਸ ਕਰਕੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹਾਲੇ ਤੱਕ ਵੀ ਪੂਰੀ ਨਹੀਂ ਹੋਈ। ਇਸ ਨੌਕਰੀ ਲਈ ਚੁਣੀ ਹੋਈ ਉਮੀਦਵਾਰ ਬਲਵਿੰਦਰ ਕੌਰ ਨੂੰ ਆਪਣੀ ਜਾਨ ਗੁਆਉਣੀ ਪਈ। ਐੱਸਐੱਫਐੱਸ ਦੇ ਜਨਰਲ ਸਕੱਤਰ ਗਗਨਦੀਪ ਨੇ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਕਤਲ ਹੈ। ਬੇਰੁਜ਼ਗਾਰੀ ਦੀ ਸਮੱਸਿਆ ਇਸ ਮੌਜੂਦਾ ਪ੍ਰਬੰਧ ਦੀ ਪੈਦਾਇਸ਼ ਹੈ ਜੋ ਸਿਰਫ਼ ਕਾਰਪੋਰੇਟ ਮੁਨਾਫੇ ਵਧਾਉਣ ਲਈ ਕੰਮ ਕਰਦਾ ਹੈ।
ਰੋਸ ਪ੍ਰਦਰਸ਼ਨ ਨੂੰ 1158 ਫਰੰਟ ਵੱਲੋਂ ਗੁਰਪ੍ਰੀਤ ਸਿੰਘ, ਪੀਐੱਸਯੂ (ਲਲਕਾਰ) ਵੱਲੋਂ ਜ਼ੋਬਨ, ਸੱਥ ਵੱਲੋਂ ਦਰਸ਼ਨ ਸਿੰਘ, ਖੋਜਾਰਥੀ ਗੈਰੀ ਸਿਧਾਨੀ, ਗੁਰਦੀਪ ਸਿੰਘ, ਗੁਰਜੀਤ ਸਿੰਘ ਪੀਯੂਸੀਐੱਸਸੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

ਸਿੱਖਿਆ ਮੰਤਰੀ ਨੂੰ ਗ੍ਰਿਫ਼ਤਾਰ ਕਰੇ ਸਰਕਾਰ: ਚੰਦੂਮਾਜਰਾ

ਚਮਕੌਰ ਸਾਹਿਬ (ਸੰਜੀਵ ਬੱਬੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਹਾਇਕ ਪ੍ਰੋ. ਬਲਵਿੰਦਰ ਕੌਰ ਦੀ ਮੌਤ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫ਼ਾ ਲੈ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀੜਤ ਦੇ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਅਤੇ ਪੀੜਤਾਂ ਦੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਉਹ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿੱਚ ਦਸਹਿਰੇ ਦੇ ਦਿਹਾੜੇ ਮੌਕੇ ਖਾਲਸਾ ਦਰਬਾਰ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਅਮਨਦੀਪ ਸਿੰਘ ਮਾਂਗਟ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲੀ, ਬਲਦੇਵ ਸਿੰਘ ਹਾਫਿਜ਼ਾਬਾਦ, ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇ ਨਰਿੰਦਰ ਸਿੰਘ ਅਤੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ ਆਦਿ ਹਾਜ਼ਰ ਸਨ।

Advertisement

ਹਲਫ਼ਨਾਮਾ ਲੈ ਕੇ ਨੌਕਰੀ ਨਾ ਦੇਣਾ ਸਹਾਇਕ ਪ੍ਰੋਫੈਸਰਾਂ ਨਾਲ ਧੋਖਾ: ਜੈਇੰਦਰ

ਰੂਪਨਗਰ (ਜਗਮੋਹਨ ਸਿੰਘ): ਇੱਥੇ ਸਿਵਲ ਹਸਪਤਾਲ ਵਿੱਚ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੇ ਸਾਥੀ ਪ੍ਰੋਫੈਸਰਾਂ ਵੱਲੋਂ ਲਗਾਏ ਰੋਸ ਧਰਨੇ ਵਿੱਚ ਪੁੱਜੀ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਇਹ ਮਸਲਾ ਚੁੱਕਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਜਦੋਂ ਕਿਸੇ ਉਮੀਦਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ ਤਾਂ ਉਸ ਕੋਲੋਂ ਪਹਿਲੀ ਨੌਕਰੀ ਛੱਡਣ ਲਈ ਹਲਫ਼ਨਾਮਾ ਲਿਆ ਜਾਂਦਾ ਹੈ। ਜੇਕਰ ਸਰਕਾਰ ਵੱਲੋਂ ਪੁਰਾਣੀ ਨੌਕਰੀ ਛੁਡਵਾ ਕੇ ਨਵੀਂ ਨੌਕਰੀ ਨਹੀਂ ਦਿੱਤੀ ਜਾਂਦੀ ਤਾਂ ਸਬੰਧਤ ਉਮੀਦਵਾਰ ਨਾਲ ਸਰਾਸਰ ਧੋਖਾ ਹੈ ਤੇ 1158 ਸਹਾਇਕ ਪ੍ਰੋਫੈਸਰਾਂ ਨਾਲ ਵੀ ਪੰਜਾਬ ਸਰਕਾਰ ਨੇ ਇਹੀ ਧੋਖਾ ਕੀਤਾ ਹੈ। ਇਸ ਮੌਕੇ ਜਗਦੀਸ਼ ਚੰਦਰ ਕਾਜਲਾ, ਜਸਬੀਰ ਕੌਰ ਢਿੱਲੋਂ ਤੇ ਟੋਨੀ ਵਰਮਾ ਵੀ ਹਾਜ਼ਰ ਸਨ।

Advertisement
Author Image

Advertisement