For the best experience, open
https://m.punjabitribuneonline.com
on your mobile browser.
Advertisement

ਚਲਾਨਾਂ ਵਿਰੁੱਧ ਸਕੂਲ ਬੱਸ ਸਟਾਫ ਵੱਲੋਂ ਧਰਨਾ

11:03 AM Apr 30, 2024 IST
ਚਲਾਨਾਂ ਵਿਰੁੱਧ ਸਕੂਲ ਬੱਸ ਸਟਾਫ ਵੱਲੋਂ ਧਰਨਾ
ਸਕੂਲ ਵਾਹਨਾਂ ਦੇ ਸਟਾਫ਼ ਵੱਲੋਂ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਅਪਰੈਲ
‘ਸਕੂਲ ਵਾਹਨ ਸੇਫ ਪਾਲਿਸੀ’ ਦੇ ਅੰਤਰਗਤ ਪਿਛਲੇ ਦਿਨਾਂ ਤੋਂ ਪਟਿਆਲਾ ਦੇ ਟਰਾਂਸਪੋਰਟ ਵਿਭਾਗ ਨੇ ਸਕੂਲ ਬੱਸਾਂ, ਵੈਨਾਂ, ਆਟੋ ਰਿਕਸ਼ਿਆਂ ਅਤੇ ਹੋਰ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕਰਨ ਸਮੇਤ ਕੁਝ ਵਾਹਨ ਜ਼ਬਤ ਵੀ ਕੀਤੇ ਗਏ। ਇਸ ਦੌਰਾਨ ਇੱਕ ਨਿੱਜੀ ਸਕੂਲ ਵਾਹਨ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਹੋਇਆ। ਇਸ ਦੇ ਵਿਰੋਧ ’ਚ ਪਟਿਆਲਾ ਦੇ ਸਕੂਲ ਬੱਸਾਂ, ਵੈਨਾਂ ਅਤੇ ਆਟੋ ਰਿਕਸ਼ਾ ਨਾਲ ਸਬੰਧਤ ਸਟਾਫ਼ ਵੱਲੋਂ ਅੱਜ ਇੱਥੇ ਪੁੱਡਾ ਗਰਾਊਂਡ ਵਿੱਚ ਧਰਨਾ ਦਿੱਤਾ ਗਿਆ। ਇਕੱਠ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ‘ਆਪ’ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਵੀ ਲੜ ਰਹੇ ਹਨ, ਨੂੰ ਵੀ ਇਸ ਧਰਨੇ ਤੱਕ ਪਹੁੰਚਣ ਲਈ ਮਜਬੂਰ ਕਰ ਦਿੱਤਾ। ਉਂਜ ਮੰਤਰੀ ਦੇ ਦਖਲ ਨਾਲ ਇੱਕ ਵਾਰ ਇਹ ਮਸਲਾ ਹੱਲ ਹੋ ਗਿਆ ਜਿਸ ਦੇ ਚੱਲਦਿਆਂ ਕੁਝ ਘੰਟਿਆਂ ਮਗਰੋਂ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਸੇ ਦੌਰਾਨ ਸਿਹਤ ਮੰਤਰੀ ਦੇ ਦਖਲ ਨਾਲ ਪਟਿਾਅਲਾ ਦੇ ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਸਾਧਿਆ ਜਿਸ ’ਤੇ ਡੀ.ਸੀ ਵੱਲੋਂ ਅਜਿਹੇ ਚਲਾਨਾਂ ’ਚ ਰਿਆਇਤ ਦਾ ਭਰੋਸਾ ਦਿਵਾਇਆ ਪਰ ਉਨ੍ਹਾਂ ਦਾ ਤਰਕ ਸੀ ਕਿ ਬਾਕੀ ਲੋੜੀਂਦੀਆਂ ਸ਼ਰਤਾਂ ਤੇ ਨਿਯਮਾਂ ਨੂੰ ਪੂਰਾ ਕੀਤਾ ਜਾਵੇ। ਨਾਲ ਹੀ ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਕੁਝ ਸਮੇਂ ਦੀ ਮੋਹਲਤ ਵੀ ਦੇ ਦਿੱਤੀ ਗਈ ਪਰ ਚੋਣਵੇਂ ਪੱਤਰਕਾਰਾਂ ਨਾਲ ਹੋਈ ਗੱੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਕੁਝ ਸਮੇਂ ਦੀ ਮੋਹਲਤ ਮਗਰੋਂ ਅਜਿਹੀ ਚੈਕਿੰਗ ਮੁਹਿੰਮ ਮੁੜ ਚੱਲਦੀ ਰਹੇਗੀ ਤੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ।

Advertisement

ਮਾਪਿਆਂ ਵੱਲੋਂ ਮੁਹਿੰਮ ਦਾ ਸਮਰਥਨ

ਕਈ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਟਰਾਂਸਪੋਰਟ ਵਿਭਾਗ ਵੱੱਲੋਂ ਵਿੱਢੀ ਮੁਹਿੰਮ ਦਾ ਸਮਰਥਨ ਕੀਤਾ ਹੈ। ਤਰਕ ਸੀ ਕਿ ਜਦੋਂ ਮਾਪਿਆਂ ਤੋਂ ਮੋਟਾ ਕਿਰਾਇਆ ਵਸੂਲਿਆ ਜਾਂਦਾ ਹੈ ਤਾਂ ਸਕੂਲ ਪ੍ਰਬੰਧਕਾਂ ਨੂੰ ਸਾਰੇ ਨਿਯਮਾਂ ਦਾ ਪਾਲਣ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਂਜ ਵੀ ਵੋਟਾਂ ਦੀ ਬਜਾਏ ਬੱਚਿਆਂ ਦੀ ਜ਼ਿੰਦਗੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲਾਲਜੀਤ ਸਿੰਘ, ਜਸਦੇਵ ਸਿੰਘ ਤੇ ਰਾਣਾ ਸਮੇਤ ਕਈ ਹੋਰਨਾ ਦਾ ਕਹਿਣਾ ਸੀ ਕਿ ਜੇਕਰ ਇਹ ਚੈਕਿੰਗ ਮੁਹਿੰਮ ਠੁੱਸ ਹੋਈ, ਤਾਂ ਇਸ ਦਾ ਸਿੱਧਾ ਅਰਥ ਹੈ ਕਿ ਇਹ ਪ੍ਰਸ਼ਾਸਨ ’ਤੇ ਦਬਾਅ ਕਾਰਨ ਹੋਈ ਹੈ। ਅਜਿਹੀ ਸੂਰਤ ’ਚ ਮਾਪੇ ਵੀ ਇੱਕਠ ਕਰਨ ਲਈ ਮਜਬੂਰ ਹੋਣਗੇ।

Advertisement
Author Image

Advertisement
Advertisement
×