ਜਲੰਧਰ ਨਿਗਮ ’ਚ ਸਫ਼ਾਈ ਕਰਮਚਾਰੀਆਂ ਵੱਲੋਂ ਮੁਜ਼ਾਹਰਾ
ਹਤਿੰਦਰ ਮਹਿਤਾ
ਜਲੰਧਰ, 10 ਮਾਰਚ
ਨਗਰ ਨਿਗਮ ਵਿੱਚ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਅੱਜ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸਫ਼ਾਈ ਕਰਮਚਾਰੀ ਯੂਨੀਅਨ ਨੇ ਮੰਗ ਕੀਤੀ ਹੈ ਕਿ ਸਰਕਾਰ ਹੁਣ ਸਿਰਫ਼ ਪੱਕੀ ਭਰਤੀ ਹੀ ਕਰੇ। ਉਹ ਆਊਟਸੋਰਸਿੰਗ ਸਮੇਤ ਕੋਈ ਹੋਰ ਭਰਤੀ ਸਵੀਕਾਰ ਨਹੀਂ ਕਰਦੇ ਹਾਂ। ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਮੇਅਰ ਨੇ ਸਟਾਫ਼ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਨਗਰ ਨਿਗਮ ਸਫਾਈ ਯੂਨੀਅਨ ਦੇ ਪ੍ਰਧਾਨ ਸੰਨੀ ਸਹੋਤਾ ਨੇ ਦੱਸਿਆ ਕਿ ਅੱਜ ਉਹ ਜਲੰਧਰ ਨਗਰ ਨਿਗਮ ਦੇ ਮੇਅਰ ਨੂੰ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਮੁੱਖ ਮੰਗ ਹੈ ਕਿ ਚੱਲ ਰਹੀ ਭਰਤੀ ਪੱਕੇ ਮੁਲਾਜ਼ਮਾਂ ਦੀ ਹੀ ਕੀਤੀ ਜਾਵੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਯੁਨੀਅਨਾਂ ਸਰਕਾਰ ਖਿਲਾਫ ਤਿੱਖਾ ਸਟੈਂਡ ਲੈਣਗੇ। ਪ੍ਰਧਾਨ ਸੰਨੀ ਸਹੋਤਾ ਨੇ ਕਿਹਾ ਕਿ ਹਰ ਸਰਕਾਰੀ ਵਿਭਾਗ ’ਚ ਛੁੱਟੀਆਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਜਨਮ ਦਿਨ ’ਤੇ ਵੀ ਛੁੱਟੀ ਨਹੀਂ ਮਿਲਦੀ। ਉਸ ਦਿਨ ਵੀ ਸਫਾਈ ਕਰਕੇ ਆਪਣਾ ਤਿਉਹਾਰ ਮਨਾਉਣ ਨਿਕਲਦੇ ਹਾਂ। ਛੁੱਟੀ ਵਾਲੇ ਦਿਨ ਕੰਮ ਕਰਨ ਲਈ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਇਸ ਦੌਰਾਲ ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਗਈਆਂ ਹਨ। ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ।