ਸੈਕਟਰ-76 ਤੋਂ 80 ਦੇ ਵਸਨੀਕਾਂ ਤੇ ਅਲਾਟੀਆਂ ਵੱਲੋਂ ਧਰਨਾ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਮਈ
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਵੈੱਲਫੇਅਰ ਕਮੇਟੀ ਵੱਲੋਂ 13 ਰੈਜ਼ੀਡੈਂਟ ਡਿਵੈਲਪਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਨਾਜਾਇਜ਼ ਵਸੂਲੀ ਖ਼ਿਲਾਫ਼ ਅੱਜ ਗਮਾਡਾ ਦੇ ਬਾਹਰ ਧਰਨਾ ਦਿੱਤਾ ਗਿਆ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸੈਕਟਰ ਵਾਸੀਆਂ ਦੇ ਹੱਕ ਵਿੱਚ ਧਰਨੇ ’ਤੇ ਬੈਠੇ ਤੇ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ ਵੱਲੋਂ ਵਾਧੂ ਵਸੂਲੀ ਲਈ ਜਾਰੀ ਕੀਤੇ ਜਾ ਰਹੇ ਨੋਟਿਸ ਭੇਜਣੇ ਬੰਦ ਕੀਤੇ ਜਾਣ।
ਇਸ ਮੌਕੇ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਸੰਤ ਸਿੰਘ, ਜੀਐਸ ਪਠਾਣੀਆਂ, ਅਸ਼ੋਕ ਕੁਮਾਰ ਅਤੇ ਸਰਦੂਲ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰੀਬ 24 ਸਾਲ ਪਹਿਲਾਂ ਪੁੱਡਾ/ਗਮਾਡਾ ਰਾਹੀਂ ਮੁਹਾਲੀ ਵਿੱਚ ਸੈਕਟਰ-76 ਤੋਂ 80 ਵਿੱਚ ਪਲਾਟਾਂ ਦੀ ਅਲਾਟਮੈਂਟ ਲਈ ਹਾਊਸਿੰਗ ਸਕੀਮ ਲਾਂਚ ਕੀਤੀ ਸੀ ਅਤੇ ਸਾਲ 2001 ਵਿੱਚ ਅਲਾਟੀਆਂ ਕੋਲੋਂ ਪਲਾਟਾਂ ਦੀ ਕੁੱਲ ਕੀਮਤ ਦਾ 25 ਫ਼ੀਸਦੀ ਵਸੂਲਿਆ ਗਿਆ ਤੇ ਦਸੰਬਰ 2002 ਤੱਕ ਪਲਾਟਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਗਮਾਡਾ ਵੱਲੋਂ ਪਲਾਟਾਂ ਦੀ ਅਲਾਟਮੈਂਟ 2007 ਵਿੱਚ ਸ਼ੁਰੂ ਕੀਤੀ ਜੋ ਹਾਲੇ ਵੀ ਜਾਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਹੁਣ 23 ਸਾਲ ਬਾਅਦ ਗਮਾਡਾ ਦੇ ਮਿਲਖ ਅਫ਼ਸਰ ਵੱਲੋਂ ਪਲਾਟ ਮਾਲਕਾਂ/ਅਲਾਟੀਆਂ ਨੂੰ 2645 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵਾਧੂ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ 17 ਮਈ ਮਗਰੋਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕੌਂਸਲਰ ਹਰਜੀਤ ਸਿੰਘ ਭੋਲੂ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਪੁੱਡਾ ਮੁਲਾਜ਼ਮ ਆਗੂ ਚਰਨਜੀਤ ਕੌਰ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਸ਼ਹਿਰ ਵਾਸੀਆਂ ਦਾ ਚੌਕੀਦਾਰ ਬਣ ਕੇ ਕੰਮ ਕਰਾਂਗਾ: ਵਿਧਾਇਕ
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਇਸ ਮਸਲੇ ਦੇ ਹੱਲ ਲਈ ਯੋਗ ਪੈਰਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸ਼ਹਿਰ ਵਾਸੀਆਂ ਦਾ ਚੌਕੀਦਾਰ ਬਣ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜੇ ਇਹ ਰਕਮ ਮੁਆਫ਼ ਨਹੀਂ ਤਾਂ ਘੱਟ ਜ਼ਰੂਰ ਕਰਵਾਈ ਜਾ ਸਕਦੀ ਹੈ।
ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦਾ ਵਿਰੋਧ
ਧਰਨੇ ਦੌਰਾਨ ਜਦੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਸੰਬੋਧਨ ਕਰ ਰਹੇ ਸਨ ਤਾਂ ਉੱਥੇ ਮੌਜੂਦ ਕੁੱਝ ਮੈਂਬਰਾਂ ਨੇ ਇਹ ਕਹਿ ਕੇ ਵਿਰੋਧ ਸ਼ੁਰੂ ਕਰ ਦਿੱਤਾ ਕਿ ਉਹ (ਪਟਵਾਰੀ) ਪਿਛਲੇ ਡੇਢ ਸਾਲਾਂ ਤੋਂ ਮਸਲੇ ਨੂੰ ਲਮਕਾ ਰਹੇ ਹਨ। ਇਸ ਤੋਂ ਕਈ ਮੈਂਬਰ ਆਪਸ ਵਿੱਚ ਉਲਝ ਗਏ।