ਪੰਜਾਬੀ ਯੂਨੀਵਰਸਿਟੀ ਬਚਾਓ ਮੰਚ ਵੱਲੋਂ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਮਾਰਚ
ਸੈਫ਼ੀ, ਸੋਈ, ਯੂਐਸਐਸਐਫ, ਪੁਸੂ ਅਤੇ ਐਨਐਸਯੂਆਈ ਸਮੇਤ ਪੰਜ ਵਿਦਿਆਰਥੀਆਂ ਜਥੇਬੰਦੀਆਂ ’ਤੇ ਆਧਾਰਤ ‘ਪੰਜਾਬੀ ਯੂਨੀਵਰਸਿਟੀ ਬਚਾਓ ਮੰਚ’ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਧਰਨਾ ਦਿੱਤਾ ਗਿਆ ਜਿਸ ਦੌਰਾਨ ਯੂਨੀਵਰਸਿਟੀ ਵਿੱਚ ਰੈਗੂਲਰ ਵੀਸੀ ਦੀ ਤਾਇਨਾਤੀ ਅਤੇ ਵਿਦਿਆਰਥੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ’ਤੇ ਮੋਰਚੇ ਦੇ ਆਗੂਆਂ ਯਾਦਵਿੰਦਰ ਸਿੰਘ ਯਾਦੂ, ਕੁਲਦੀਪ ਸਿੰਘ ਝਿੰਜਰ, ਨਿਰਮਲਜੀਤ ਸਿੰਘ ਮਝੈਲ, ਸਾਹਿਲਦੀਪ ਸਿੰਘ, ਗੁਰਪਿੰਦਰ ਸਿੰਘ ਸਿੱਧੂ, ਰਮਨਜੀਤ ਸਿੰਘ ਸੰਘਾ, ਮਨਦੀਪ ਸਿੰਘ ਸਿੱਧੂ, ਸਾਹਿਲ ਬਾਂਸਲ, ਰਾਜਦੀਪ ਸਿੰਘ ਸਿੱਧੂ ਤੇ ਰਿਹਾਨ ਕੁਰੈਸ਼ੀ ਸਮੇਤ ਹੋਰਨਾਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸਾਲ ਹੋਣ ਵਾਲਾ ਹੈ ਤੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਪੱਕਾ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ। ਸੰਘਰਸ਼ ਕਰਨ ’ਤੇ ਸਰਕਾਰ ਨੇ ਭਾਵੇਂ ਹੁਣ ਇੱਕ ਅਕਾਦਮਿਕ ਖੇਤਰ ਦੀ ਸ਼ਖ਼ਸੀਅਤ ਨੂੰ ਵੀਸੀ ਤਾਂ ਲਾਇਆ ਹੈ, ਪਰ ਇਹ ਉਨ੍ਹਾਂ ਕੋਲ਼ ਵਾਧੂ ਚਾਰਜ ਹੈ ਕਿਉਂਕਿ ਉਹ ਮੁੱਖ ਤੌਰ ’ਤੇ ਜੀਐੱਨਡੀਯੂ ਦੇ ਵੀਸੀ ਹਨ। ਇਸੇ ਦੌਰਾਨ ਬੁਲਾਰਿਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਵਿੱਚ ਜਿਵੇਂ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਚੋਣਾਂ ਹੁੰਦੀਆਂ ਹਨ, ਉਸੇ ਤਰ੍ਹਾਂ ਵਿਦਿਆਰਥੀ ਚੋਣਾਂ ਤੁਰੰਤ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦਾ ਆਧੁਨਿਕੀਕਰਨ ਕਰ ਕੇ ਪਿਛਲੇ ਲੰਮੇ ਸਮੇਂ ਤੋਂ ਬੰਦ ਕਿਤਾਬਾਂ ਦੀ ਖਰੀਦ ਨੂੰ ਬਹਾਲ ਕਰੇ ਅਤੇ ਯੂਨੀਵਰਸਿਟੀ ਵਿੱਚ ਲੜਕੀਆਂ ਦੇ ਨਵੇਂ ਹੋਸਟਲਾਂ ਦੀ ਉਸਾਰੀ ਕਰਵਾਈ ਜਾਵੇ।