ਕੁਲੈਕਟਰ ਰੇਟ ਵਧਾਏ ਜਾਣ ’ਤੇ ਪ੍ਰਾਪਰਟੀ ਡੀਲਰਾਂ ਵੱਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ
ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ ਵੱਲੋਂ ਮੁਕਤਸਰ ਖੇਤਰ ਵਿੱਚ ਦੋ ਸਾਲਾਂ ’ਚ ਤਿੰਨ ਵਾਰ ਜ਼ਮੀਨਾਂ ਦੇ ਕੁਲੈਕਟਰਾਂ ਰੇਟ ਵਧਾਏ ਜਾਣ ਖਿਲਾਫ ਕੋਟਕਪੂਰਾ ਚੌਕ ਨੇੜੇ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਅਸ਼ੋਕ ਚੁੱਘ, ਕਰਮਜੀਤ ਕਰਮਾ, ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਭਿੰਦਰ ਸ਼ਰਮਾ, ਜਗਮੀਤ ਜੱਗਾ, ਹਰਪਾਲ ਸਿੰਘ ਬੇਦੀ, ਰਾਜ ਕੁਮਾਰ ਮੇਲੂ, ਯਾਦਵਿੰਦਰ ਸਿੰਘ ਲਾਲੀ ਬਾਵਾ, ਅਭੈ ਜੱਗਾ, ਨਿਰਮਲ ਸਿੰਘ ਅਤੇ ਮੋਹਨ ਸਿੰਘ ਸੰਧੂ ਨੇ ਕਿਹਾ ਕਿ ਪ੍ਰਾਪਰਟੀ ਦੇ ਥੋੜ੍ਹੇ ਸਮੇਂ ਵਿੱਚ ਹੀ ਵਾਰ-ਵਾਰ ਰੇਟ ਵਧਾਏ ਜਾਣ ਕਾਰਣ ਜ਼ਮੀਨਾਂ ਦੇ ਭਾਅ ਵਧ ਜਾਂਦੇ ਹਨ। ਲੋਕਾਂ ’ਤੇ ਬੇਲੋੜਾ ਬੋਝ ਪੈਂਦਾ ਹੈ ਜਿਸ ਕਰਕੇ ਪ੍ਰਾਪਰਟੀ ਦਾ ਕੰਮ ਖੜ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਕਾਕਾ ਬਰਾੜ ਦੇ ਧਿਆਨ ਵਿੱਚ ਵੀ ਮਸਲਾ ਲਿਆ ਚੁੱਕੇ ਹਨ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਉਨ੍ਹਾਂ ਸੰਘਰਸ਼ ਦਾ ਰਾਹ ਫੜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੁਲੈਕਟਰ ਰੇਟਾਂ ਦਾ ਵਾਧਾ ਵਾਪਸ ਨਾ ਲਿਆ ਤਾਂ ਉਹ ਲਗਾਤਾਰ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ।