ਪੈਸਕੋ ਵਰਕਰਾਂ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਮੁਜ਼ਾਹਰਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਨਵੰਬਰ
ਪੀਐੱਸਪੀਸੀਐੱਲ ਐਂਡ ਪੀਐੱਸਟੀਸੀਐੱਲ ਕੰਟਰੈਕੁਚਅਲ ਵਰਕਰ ਯੂਨੀਅਨ ਪੰਜਾਬ ਵੱਲੋਂ ਪੈਸਕੋ ਵਰਕਰਾਂ ਨੂੰ ਤਨਖਾਹ ਨਾ ਮਿਲਣ ਵਿਰੁੱਧ ਮੰਡਲ ਦਫ਼ਤਰ ਪਾਤੜਾਂ ਅਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਉਨ੍ਹਾਂ ਤਨਖਾਹ ਨਾ ਮਿਲਣ ਦੀ ਸੂਰਤ ਵਿੱਚ ਧਰਨਾਂ ਦੇਣ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਪ੍ਰਧਾਨ ਸਤਿਗੁਰ ਸਿੰਘ ਨੇ ਦੱਸਿਆ ਕਿ ਓ ਅਤੇ ਐਮ ਮੰਡਲ ਪਾਤੜਾਂ ਦੇ ਪੈਸਕੋ ਵਰਕਰਾਂ ਨੂੰ ਅਕਤੂਬਰ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਜਦੋਂਕਿ ਮੁੱਖ ਇੰਜਨੀਅਰ, ਪੀ ਅਤੇ ਐਮ ਹਲਕਾ, ਲੁਧਿਆਣਾ ਨੇ ਪੱਤਰ ਜਾਰੀ ਕਰਕੇ ਆਊਟਸੋਰਸ ਪੈਸਕੋ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਤਨਖ਼ਾਹ ਜਾਰੀ ਕਰਨ ਹਦਾਇਤ ਕੀਤੀ ਸੀ। ਤਨਖ਼ਾਹ ਜਾਰੀ ਨਾ ਸਬੰਧੀ ਕਿਸੇ ਅਧਿਕਾਰੀ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਪਹਿਲਾਂ ਹੀ ਸ਼ੋਸ਼ਣ ਹੋ ਰਿਹਾ ਹੈ। ਨਿਗੁੂਣੀਆਂ ਤਨਖਾਹਾਂ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਮੂਹ ਪੈਸਕੋ ਕਰਮਚਾਰੀਆਂ ਦੀ ਤਨਖ਼ਾਹ ਤੁਰੰਤ ਜਾਰੀ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਮਹੀਨੇ ਦੇ ਪਹਿਲੇ ਤਿੰਨ ਦਿਨਾਂ ਤਨਖ਼ਾਹ ਜਾਰੀ ਕਰਵਾਉਣ ਦੇ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਤਨਖ਼ਾਹ ਛੇਤੀ ਜਾਰੀ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ।