ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਘੱਗਾ, 30 ਅਗਸਤ
ਬ੍ਰਾਹਮਣਮਾਜਰੇ ਤੋਂ ਘੱਗਾ ਤੱਕ ਖਸਤਾਹਾਲ ਸੜਕ ਤੋਂ ਤੰਗ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਦੋ ਘੰਟੇ ਪਟਿਆਲਾ-ਪਾਤੜਾਂ ਮੁੱਖ ਮਾਰਗ ’ਤੇ ਧਰਨਾ ਲਾ ਕੇ ਰੋਸ ਪ੍ਰਗਟਾਵਾ ਕੀਤਾ।
ਇਸ ਮੌਕੇ ਧਰਨੇ ਵਿੱਚ ਪਹੁੰਚੇ ਐੱਸਡੀਐੱਮ ਪਾਤੜਾਂ ਨੂੰ ਸੜਕ ਦੀ ਫ਼ੌਰੀ ਉਸਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਅਤੇ ਅਧਿਕਾਰੀ ਵੱਲੋਂ ਸੜਕ ਦੀ ਜਲਦੀ ਮੁਰੰਮਤ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਧਰਨੇ ਵਿੱਚ ਪਿੰਡ ਘੱਗਾ, ਬਰਾਸ ਦੇ ਪ੍ਰਭਾਵਿਤ ਲੋਕਾਂ ਸਮੇਤ ਕਿਰਤੀ ਕਿਸਾਨ ਯੂਨੀਅਨ ਬੀਕੇਯੂ ਉਗਰਾਹਾਂ ਨਾਲ ਜੁੜੇ ਕਿਸਾਨਾਂ, ਨੌਜਵਾਨ ਭਾਰਤ ਸਭਾ ਅਤੇ ਔਰਤਾਂ ਵੱਲੋਂ ਵੀ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਵਿੰਦਰ ਸਿੰਘ, ਅਮਰੀਕ ਸਿੰਘ, ਨੌਜਵਾਨ ਆਗੂ ਅਕਸ਼ੇ, ਗੁਰਦੀਪ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਬ੍ਰਾਹਮਣਮਾਜਰਾ ਤੋਂ ਕਸਬਾ ਘੱਗੇ ਨੂੰ ਜਾਂਦੀ ਸੜਕ ਅਤੇ ਘੱਗੇ ਤੋਂ ਬ੍ਰਾਹਮਣਮਾਜਰੇ ਤੱਕ ਅਤੇ ਅੱਗੇ ਪਿੰਡ ਬਰਾਸ ਤੋਂ ਸੰਗਰੂਰ ਨੂੰ ਜਾਣ ਵਾਲੀ ਇਸ ਸੜਕ ਦੇ ਪੰਜ ਕਿਲੋਮੀਟਰ ਦੇ ਹਿੱਸੇ ਵਿੱਚ ਟੁੱਟੀ ਸੜਕ ਲੋਕਾਂ ਲਈ ਜਾਨ ਦਾ ਖੋਅ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਚਾਰ ਸ਼ੈਲਰ, ਇੱਕ ਸੈਲਾ ਪਲਾਂਟ, ਸੈਕੰਡਰੀ ਸਕੂਲ, ਕੰਬਾਈਨ ਵਰਕਸ਼ਾਪਾਂ ਤੇ ਲੋਕਾਂ ਦੇ ਹੋਰ ਕਾਰੋਬਾਰ ਹੋਣ ਕਾਰਨ ਇਸ ਸੜਕ ਉਤੇ ਟਿੱਪਰ, ਟਰਾਲੇ, ਬੱਸਾਂ ਆਦਿ ਦੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਘੱਗੇ ਤੋਂ ਬ੍ਰਾਹਮਣਮਾਜਰਾ, ਖੇੜੀ, ਬੁਜਰਕ ਰਾਹੀਂ ਪਟਿਆਲਾ ਮੁੱਖ ਮਾਰਗ ਨਾਲ ਜੋੜਦੀ ਸੜਕ ਵੀ ਬੇਹੱਦ ਤਰਸਯੋਗ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟਾਇਆ ਕਿ ਇਸ ਸੜਕ ਦੀ ਮਾੜੀ ਹਾਲਤ ਬਾਰੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।