ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੁਲਾਈ
ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਇੱਥੇ ਡੀਸੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਪੈਨਸ਼ਨਰਾਂ ਨੂੰ ਸੜਕਾਂ ਉਪਰ ਰੋਲ੍ਹਣ ਦਾ ਦੋਸ਼ ਲਾਉਂਦਿਆਂ 23 ਜੁਲਾਈ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਸਬੰਧੀ ਲਗਾਤਾਰ ਟਾਲ-ਮਟੋਲ ਵਾਲੀ ਨੀਤੀ ਅਤੇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ 2.59 ਦਾ ਲਾਭ ਨਾ ਦਿੱਤੇ ਜਾਣ ਅਤੇ ਹੋਰ ਅਨੇਕਾਂ ਮੰਗਾਂ ਦਾ ਅਜੇ ਤੱਕ ਹੱਲ ਨਾ ਕੀਤੇ ਜਾਣ ਕਾਰਨ ਪੈਨਸ਼ਨਰਾਂ ਵਿਚ ਸਰਰਕਾਰ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਪੈਨਸ਼ਨਰਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ 18 ਜੁਲਾਈ ਨੂੰ ਸਟੇਟ ਬਾਡੀ ਦੀ ਪੰਜਾਬ ਸਰਕਾਰ ਨਾਲ ਹੋ ਰਹੀ ਮੀਟਿੰਗ ਵਿੱਚ ਸਰਕਾਰ ਨੇ ਮੰਗਾਂ ਨਾ ਮੰਨੀਆਂ ਗਈਆਂ ਤਾਂ 23 ਜੁਲਾਈ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਜਨਮੇ ਵੱਖ-ਵੱਖ ਪੈਨਸ਼ਨਰਾਂ ਨੂੰ ਐਸੋਸੀਏਸ਼ਨ ਵਲੋਂ ਸਨਮਾਨਿਆ ਗਿਆ।
ਸਮਾਗਮ ’ਚ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਰਾਮ ਲਾਲ ਪਾਂਧੀ, ਐਸੋਸੀਏਸ਼ਨ ਆਗੂ ਭੁਪਿੰਦਰ ਸਿੰਘ ਜੱਸੀ, ਸੱਜਣ ਸਿੰਘ ਪੂਨੀਆ, ਜਗਜੀਤ ਇੰਦਰ ਸਿੰਘ , ਗੁਰਦੀਪ ਸਿੰਘ ਮੰਗਵਾਲ , ਲਾਭ ਸਿੰਘ , ਸਤਪਾਲ ਸਿੰਘ ਸਿੰਗਲਾ, ਦਰਸ਼ਨ ਸਿੰਘ ਨੌਰਥ, ਨਿਹਾਲ ਸਿੰਘ ਮੰਗਵਾਲ, ਪ੍ਰੀਤਮ ਸਿੰਘ ਜੌਹਲ ਸੇਵਾ ਮੁਕਤ ਏਡੀਸੀ, ਨੰਦ ਲਾਲ ਮਲਹੋਤਰਾ, ਗੁਰਦੇਵ ਸਿੰਘ ਭੁੱਲਰ, ਹਰਪਾਲ ਸਿੰਘ, ਓਮ ਪ੍ਰਕਾਸ਼ ਸ਼ਰਮਾ, ਬਹਾਦਰ ਸਿੰਘ, ਸੁਰਿੰਦਰਪਾਲ ਗਰਗ, ਰਾਜ ਸਿੰਘ, ਸੁਰਿੰਦਰ ਸਿੰਘ ਸੋਢੀ, ਮਨਮੋਹਨ ਸਿੰਘ, ਕਿਸ਼ੋਰੀ ਲਾਲ, ਬਲਦੇਵ ਰਾਜ ਮਦਾਨ, ਬਾਬਾ ਹਰਦਿਆਲ ਸਿੰਘ, ਮਹੇਸ਼ ਗਰੋਵਰ, ਭਜਨ ਸਿੰਘ ਗੁਰਦੇਵ ਸਿੰਘ ਲੂੰਬਾ, ਅਵਿਨਾਸ਼ ਸ਼ਰਮਾ, ਗੋਬਿੰਦਰ ਸ਼ਰਮਾ ਆਦਿ ਸ਼ਾਮਲ ਸਨ।
ਇਸੇ ਤਰ੍ਹਾਂ ਆਲ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰ ਕੇ ਅਤੇ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਵਾਲੀਆ ਅਤੇ ਪੁਲੀਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬੁਲਾਰਿਆਂ ਸ੍ਰੀ ਬਾਲੀਆ, ਬਿੱਕਰ ਸਿੰਘ ਸਿਬੀਆਂ, ਭਰਤ ਹਰੀ ਸਿੰਘ, ਸ਼ਿਵ ਕੁਮਾਰ ਨੇ ਐਲਾਨ ਕੀਤਾ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫ਼ੈਸਲੇ ਅਨੁਸਾਰ 23 ਜੁਲਾਈ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।