ਆਊਟਸੋਰਸ ਬਿਜਲੀ ਕਾਮਿਆਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਸ਼ਗਨ ਕਟਾਰੀਆ
ਬਠਿੰਡਾ, 17 ਜੁਲਾਈ
ਪਾਵਰਕੌਮ ਐਂਡ ਟਰਾਂਸਕੋ ਤਾਲਮੇਲ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਪਰਿਵਾਰਾਂ ਸਣੇ ਆਊੁਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਾਉਣ ਲਈ ਅੱਜ ਇੱਥੇ ਮੁੱਖ ਇੰਜਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ, ਖੁਸ਼ਦੀਪ ਸਿੰਘ ਅਤੇ ਰਾਮ ਵਰਨ ਨੇ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਦੀ ਕੰਪਨੀਆਂ ਅਤੇ ਠੇਕੇਦਾਰਾਂ ਵੱਲੋਂ ਆਰਥਿਕ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਮਿਆਂ ਦੀ ਤਨਖ਼ਾਹ ਵੀ ਘੱਟ ਹੈ ਅਤੇ ਪੈਟਰੋਲ ਤੇ ਵਾਹਨ ਭੱਤਾ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਬਿਜਲੀ ਮੰਤਰੀ ਨਾਲ ਕਮੇਟੀ ਦੇ ਆਗੂਆਂ ਦੀ ਹੋਈ ਮੀਟਿੰਗ ’ਚ ਟੈਕਨੀਕਲ ਕਾਮਿਆਂ ਨੂੰ ਸਕਿਲਡ ਕਰਨ ਦੀ ਸਹਿਮਤੀ ਬਣੀ ਸੀ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਹੋਰ ਸਮਝੌਤੇ ਮੁਤਾਬਿਕ ਥਰਮਲ ਪਲਾਂਟ ਅਤੇ ਥਰਮਲ ਕਾਲੋਨੀ ਵਿੱਚ ਪੈਸਕੋ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਦੇ ਇਕ ਹਿੱਸੇ ਨੂੰ ਡਸਟ ਅਲਾਊਂਸ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਰਿਸਕ ਅਲਾਊਂਸ ਹੀ ਮਿਲ ਰਿਹਾ ਹੈ।
ਭੁੱਚੋ ਮੰਡੀ (ਪਵਨ ਗੋਇਲ): ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸ ਮੁਲਾਜਮ ਤਾਲਮੇਲ ਕਮੇਟੀ (ਪੰਜਾਬ) ਦੇ ਬੈਨਰ ਹੇਠ ਪਾਵਰਕੌਮ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਕਰਨ ਦੀ ਮੁੱਖ ਮੰਗ ਸਣੇ ਹੋਰ ਮੰਗਾਂ ਸਬੰਧੀ ਪਰਿਵਾਰਾਂ ਸਣੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਤੇ ਸਰਕਾਰ ਨਾਅਰੇਬਾਜ਼ੀ ਕੀਤੀ। ਰੋਹ ਵਿੱਚ ਆਏ ਠੇਕਾ ਮੁਲਾਜ਼ਮਾਂ ਨੇ ਬਾਅਦ ਦੁਪਹਿਰ ਥਰਮਲ ਕਲੋਨੀ ਦੇ ਗੇਟ ਅੱਗੇ ਜਾਮ ਵੀ ਲਗਾਇਆ।
ਇਸ ਮੌਕੇ ਕਮੇਟੀ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮ ਦੀਆਂ ਮੰਗਾਂ ਨੂੰ ਸਰਕਾਰ ਅਤੇ ਟਰਾਂਸਕੋ ਦੇ ਪ੍ਰਬੰਧਕਾਂ ਨੇ ਅਣਗੌਲਿਆ ਕੀਤਾ ਹੋਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਅਤੇ ਟਰਾਂਸਕੋ ਦੇ ਸਮੂਹ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ’ਤੇ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ ਤੇ ਪਿਛਲੇ ਸਮੇਂ ਵਿੱਚ ਪੈਨਲ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ।