ਖੱਬੀਆਂ ਪਾਰਟੀਆਂ ਵੱਲੋਂ ਰੋਸ ਮੁਜ਼ਾਹਰਾ
ਗੁਰਿੰਦਰ ਸਿੰਘ
ਲੁਧਿਆਣਾ, 7 ਅਕਤੂਬਰ
ਇਜ਼ਰਾਈਲ ਹਮਲੇ ਦੀ ਪਹਿਲੀ ਵਰ੍ਹੇਗੰਢ ਮੌਕੇ ਖੱਬੀਆਂ ਪਾਰਟੀਆਂ ਦੇ ਸੱਦੇ ਉੱਤੇ ਸੀਪੀਆਈ, ਸੀਪੀਐੱਮ ਅਤੇ ਆਰਐੱਮਪੀਆਈ ਵੱਲੋਂ ਗਾਜ਼ਾ ਵਿੱਚ ਯੁੱਧ ਦਾ ਅੰਤ ਅਤੇ ਫਲਸਤੀਨ ਨਾਲ ਏਕਤਾ ਦਿਵਸ ਮਨਾਉਣ ਦੇ ਸਬੰਧ ਵਿੱਚ ਮੁਜ਼ਾਹਰਾ ਕਰ ਕੇ ਤੁਰੰਤ ਜੰਗਬੰਦੀ ਕਰ ਕੇ ਦੁਸ਼ਮਣੀ ਖ਼ਤਮ ਕਰਨ ਦੀ ਅਪੀਲ ਕੀਤੀ ਗਈ। ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਕੀਤੇ ਗਏ ਮੁਜ਼ਾਹਰੇ ਦੌਰਾਨ ਡਾ. ਅਰੁਣ ਮਿੱਤਰਾ, ਐੱਮ ਐੱਸ ਭਾਟੀਆ ਅਤੇ ਚਮਕੌਰ ਸਿੰਘ ਨੇ ਭਾਰਤ ਸਰਕਾਰ ਨੂੰ ਇਜ਼ਰਾਈਲ ਨੂੰ ਹਥਿਆਰਾਂ ਦੇ ਸਾਰੇ ਨਿਰਯਾਤ ਰੋਕਣ ਅਤੇ ਦੋ-ਰਾਜਾਂ ਵਾਲੇ ਹੱਲ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਨਸਲਕੁਸ਼ੀ ਦੀ ਲੜਾਈ ਦਾ ਇੱਕ ਸਾਲ ਪੂਰਾ ਹੋਣ ਦਾ ਦਿਨ ਹੈ। ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ਅੰਦਰ ਹਮਾਸ ਦੇ ਹਮਲੇ ਦਾ ਬਦਲਾ ਲੈਣ ਦੇ ਨਾਮ ’ਤੇ ਇਜ਼ਰਾਈਲੀ ਹਥਿਆਰਬੰਦ ਬਲਾਂ ਨੇ ਗਾਜ਼ਾ ਵਿੱਚ ਫ਼ਲਸਤੀਨੀਆਂ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਸੀ ਜਿਸਦੇ ਨਤੀਜੇ ਵਜੋਂ ਲਗਭਗ 42 ਹਜ਼ਾਰ ਫਲਸਤੀਨੀ ਮਾਰੇ ਗਏ ਸਨ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਰਾਨ ਦੇ ਦਾਖ਼ਲੇ ਕਾਰਨ ਸਥਿਤੀ ਹੋਰ ਖ਼ਰਾਬ ਹੋ ਗਈ ਹੈ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਵੀ ਵਧ ਰਹੀ ਹੈ। ਰੈਲੀ ਦੌਰਾਨ ਰਮੇਸ਼ ਰਤਨ, ਜਗਦੀਸ਼ ਚੰਦ, ਡਾ. ਗੁਰਵਿੰਦਰ ਸਿੰਘ, ਕਾਮਰੇਡ ਜੋਗਿੰਦਰ ਰਾਮ, ਕੇਵਲ ਸਿੰਘ ਬਨਵੈਤ, ਸਤਨਾਮ ਸਿੰਘ, ਬਲਰਾਮ ਸਿੰਘ, ਅਜੀਤ ਕੁਮਾਰ, ਕੁਲਵੰਤ ਕੌਰ, ਅਜੀਤ ਜਵੱਦੀ, ਡਾ. ਐੱਸ ਕੇ ਨਗੇਸ਼, ਡਾ. ਵਿਨੋਦ ਕੁਮਾਰ, ਰਫੀਕ ਅੰਸਾਰੀ, ਸਰੋਜ ਕੁਮਾਰ ਅਤੇ ਰਾਮ ਚੰਦ ਨੇ ਵੀ ਸੰਬੋਧਨ ਕੀਤਾ।
ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਫ਼ਲਸਤੀਨ ਦੀ ਗਾਜਾ ਪੱਟੀ ਵਿੱਚ ਭਾਰੀ ਬੰਬਾਰੀ ਕਰ ਕੇ ਭਾਰੀ ਜਾਨੀ-ਮਾਲੀ ਨੁਕਸਾਨ ਪਹੁੰਚਾਉਣ ਵਿਰੁੱਧ ਤਿੰਨ ਖੱਬੇ-ਪੱਖੀ ਰਾਜਨੀਤਕ ਪਾਰਟੀਆਂ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਪਿੰਡ ਭੈਣੀ ਬੜਿੰਗਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੂਬਾਈ ਆਗੂ ਡਾ. ਗੁਰਚਰਨ ਸਿੰਘ ਰਾਏਕੋਟ, ਸੀਪੀਆਈ ਦੇ ਕਾਮਰੇਡ ਕਰਤਾਰ ਰਾਮ, ਚਮਕੌਰ ਸਿੰਘ ਰਾਏਕੋਟ, ਮਜ਼ਦੂਰ ਆਗੂ ਕਾਮਰੇਡ ਗੁਰਮੀਤ ਸਿੰਘ ਰਾਏਕੋਟ, ਸੀਪੀਆਈ (ਐੱਮ) ਦੇ ਸ਼ਿਆਮ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਸੰਬੋਧਨ ਕੀਤਾ।