ਮਜ਼ਦੂਰ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਮੁਜ਼ਾਹਰਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 11 ਅਗਸਤ
ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫਤਰ ਪਾਤੜਾਂ ਸਾਹਮਣੇ ਮੁਜ਼ਾਹਰਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਪਾਤੜਾਂ ਕਰਮਜੀਤ ਸਿੰਘ ਨੂੰ ਸੌਂਪਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਇਕੱਤਰ ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲਾਲ ਝੰਡਾ ਪੰਜਾਬ ਲੇਵਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਲਾਦ ਸਿੰਘ ਨਿਆਲ, ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਜਮੂਹਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਪੂਰਨ ਚੰਦ ਨਨਹੇੜਾ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੱਤਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਬਰਸਾਤ ਅਤੇ ਹੜ੍ਹਾਂ ਕਾਰਨ ਬਹੁਤ ਤਬਾਹੀ ਹੋਈ ਹੈ ਪਰ ਅਜੇ ਤੱਕ ਕੋਈ ਮੁਆਵਜ਼ਾ ਪੀੜਤ ਪਰਿਵਾਰਾਂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਹਕੀਕਤ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਕਾਨਾਂ ਦੇ ਢਹਿ ਢੇਰੀ ਹੋਣ ’ਤੇ 2 ਲੱਖ ਰੁਪਏ, ਪਸ਼ੂ ਦੇ ਮਰਨ ’ਤੇ 50 ਹਜ਼ਾਰ ਰੁਪਏ ਪ੍ਰਤੀ ਪਸ਼ੂ, ਘਰੇਲੂ ਸਾਮਾਨ ਦੇ ਹੋਏ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਦੇਣ ਦੇ ਨਾਲ-ਨਾਲ ਜਾਨੀ ਨੁਕਸਾਨ ਦਾ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮਗਨਰੇਗਾ ਵਰਕਰਾਂ ਨੂੰ 700 ਰੁਪਏ ਪ੍ਰਤੀ ਦਿਨ ਦਿਹਾੜੀ ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਮਜ਼ਦੂਰਾਂ ਨੂੰ ਮਕਾਨ ਬਣਾਉਣ ਲਈ 3 ਲੱਖ ਰੁਪਏ ਗਰਾਂਟ ਅਤੇ ਨਿਰਮਾਣ ਲਾਭਪਾਤਰੀ ਦੀ ਪੈਨਸ਼ਨ ਘੱਟੋ ਘੱਟ 9000 ਰੁਪਏ ਪ੍ਰਤੀ ਮਹੀਨਾ, ਨਿਰਮਾਣ ਲਾਭਪਾਤਰੀਆਂ ਦੇ ਦੋ ਬੱਚਿਆ ਦੀ ਸ਼ਰਤ ਖਤਮ ਕਰਕੇ ਪਹਿਲਾਂ ਵਾਂਗ ਸਾਰੇ ਬੱਚਿਆਂ ਨੂੰ ਵਜ਼ੀਫਾ ਦਿੱਤਾ ਜਾਵੇ, ਨਸ਼ਿਆਂ ਦੇ ਰੋਕਥਾਮ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਣ ਅਤੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੋਈ ਵਿਸ਼ੇਸ਼ ਯੋਜਨਾ ਬਣਾਈ ਜਾਵੇ।