ਆਈਟੀਆਈ ਦੇ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਅਕਤੂਬਰ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਪਟਿਆਲਾ (ਆਈਟੀਆਈ) ਦੇ ਮੁੱਖ ਗੇਟ ’ਤੇ ਅੱਜ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਅਤੇ ਪੀਐਸਐਮਐਸਯੂ ਜਥੇਬੰਦੀ ਵੱਲੋਂ ਉਲੀਕੇ ਸੰਘਰਸ਼ ਤਹਿਤ ਆਈਟੀਆਈਜ਼ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਵੱਲੋਂ ਉਪਰੋਕਤ ਜਥੇਬੰਦੀਆਂ ਦੇ ਸੰਘਰਸ਼ ਦੇ ਹੱਕ ਵਿੱਚ ਕੀਤਾ ਗਿਆ। ਸੂਬਾ ਆਗੂ ਗੁਰਮੁੱਖ ਸਿੰਘ ਜਨਰਲ ਸਕੱਤਰ, ਹਰਪਾਲ ਸਿੰਘ ਸੂਬਾ ਕਮੇਟੀ ਮੈਂਬਰ, ਬਲਜੀਤ ਸਿੰਘ ਵਿਰਦੀ ਸੂਬਾ ਪ੍ਰੈੱਸ ਸਕੱਤਰ, ਨਿਰਮਲ ਸਿੰਘ ਭੰਗੂ ਸੂਬਾ ਕਮੇਟੀ ਮੈਂਬਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਗੁਆਂਢੀ ਸੂਬਿਆਂ ਵਾਂਗ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਡੀਏ ਦੀਆਂ 15 ਫ਼ੀਸਦੀ ਕਿਸ਼ਤਾਂ ਜਾਰੀ ਕਰ ਕੇ ਗੁਆਂਢੀ ਸੂਬੇ ਦੇ ਅਤੇ ਕੇਂਦਰ ਸਰਕਾਰ ਦੇ ਬਰਾਬਰ ਕਰੇ ਅਤੇ ਵਿਧਾਨ ਸਭਾ ਚੋਣਾਂ 2022 ਦੌਰਾਨ ਮੁਲਾਜ਼ਮ ਵਰਗ ਨਾਲ ਕੀਤਾ ਵਾਅਦਾ ਪੁਰਾਣੀ ਪੈਨਸ਼ਨ ਸਕੀਮ ਜਲਦੀ ਬਹਾਲ ਕਰੇ ਅਤੇ 4,9,14 ਵਾਲੀ ਏਸੀਪੀ ਸਕੀਮ ਨੂੰ ਵੀ ਬਹਾਲ ਕਰੇ , ਵੱਖ-ਵੱਖ ਤਰ੍ਹਾਂ ਕੱਟੇ ਭੱਤੇ ਆਪਣੇ ਵਾਅਦੇ ਮੁਤਾਬਕ ਬਹਾਲ ਕਰੇ ਅਤੇ ਕੱਚੇ ਮੁਲਾਜ਼ਮ ਨੂੰ ਪੱਕਾ ਕਰੇ। ਇਸ ਮੌਕੇ ਮਨਿਸਟੀਰੀਅਲ ਸਟਾਫ਼ ਤੋਂ ਸੀਨੀਅਰ ਸਹਾਇਕ ਮੋਹਨ ਲਾਲ, ਅਮਨਦੀਪ ਸਿੰਘ, ਰਜਨੀਤ ਕੌਰ ਰਾਜਵਿੰਦਰ ਕੌਰ ਤੇ ਰਸ਼ਿਵੰਦਰ ਸਿੰਘ ਸਿੱਧੂ, ਸਟੋਰ ਕੀਪਰ ਸ਼ਿਵਚਰਨ ਸਿੰਘ, ਟੀਓ ਸੀਮਾ ਭੱਲਾ, ਇਕਬਾਲ ਸਿੰਘ ਅਤੇ ਸੁਖਵੰਤ ਸਿੰਘ ਇਸ ਤੋਂ ਇਲਾਵਾ ਇੰਸਟਰੱਕਟਰ ਅਰਜਿੰਦਰ ਪਾਲ ਸਿੰਘ, ਮਨੀਸ਼ ਕੁਮਾਰ, ਸਤਨਾਮ ਸਿੰਘ, ਜਗਜੀਤ ਸਿੰਘ ਅਤੇ ਸਾਰੇ ਗੈਸਟ ਫੈਕਲਟੀ ਇੰਸਟਰਕਟਰ ਤੇ ਦਰਜਾ ਚਾਰ ਮੈਂਬਰ ਵੀ ਮੌਜੂਦ ਸਨ।