For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਖਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ

07:45 AM Apr 23, 2024 IST
ਕਣਕ ਦੀ ਖਰੀਦ ਸ਼ੁਰੂ ਨਾ ਹੋਣ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਪਿੰਡ ਤੁੰਗਵਾਲੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਕਿਸਾਨ।
Advertisement

ਪਵਨ ਗੋਇਲ
ਭੁੱਚੋ ਮੰਡੀ, 22 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਨੇ ਅੱਜ ਪਿੰਡ ਤੁੰਗਵਾਲੀ ਵਿੱਚ ਨਿੱਜੀ ਖਰੀਦ ਕੇਂਦਰਾਂ ’ਤੇ ਬੋਲੀ ਨਾ ਲਗਾਏ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਆਗੂ ਲੀਲਾ ਸਿੰਘ, ਸੀਰਾ ਸਿੰਘ, ਅਜੈਬ ਸਿੰਘ, ਚਰਨਾ ਸਿੰਘ, ਗੁਰਾਦਿੱਤਾ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਹਾਲੇ ਤੱਕ ਨਿੱਜੀ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨ ਕਰੀਬ 15 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ, ਜਦੋਂ ਕਿ ਕਣਕ ਨੂੰ ਝਾਰ ਬਗੈਰਾ ਲਗਾ ਕੇ ਸਾਫ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੰਡੀਆਂ ਵਿੱਚ ਕਣਕ ਲਾਹੁਣ ਨੂੰ ਥਾਂ ਨਹੀਂ ਬਚੀ, ਕਿਸਾਨਾਂ ਨੂੰ ਕੱਚੇ ਥਾਵਾਂ ’ਤੇ ਕਣਕ ਦੀ ਫਸਲ ਲਾਹੁਣੀ ਪੈ ਰਹੀ ਹੈ। ਉਪਰੋਂ ਮੌਸਮ ਖਰਾਬ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਦਾਅਵੇ ਕਰਦੀ ਸੀ ਕਿ ਮੰਡੀਆਂ ਵਿੱਚ ਫਸਲ ਲਾਹ ਕੇ ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ। ਖਾਤਿਆਂ ਵਿੱਚ ਪੈਸੇ ਆਉਣਾ ਤਾਂ ਦੂਰ ਦੀ ਗੱਲ, ਇੱਥੇ ਤਾਂ ਬੋਲੀ ਵੀ ਸ਼ੁਰੂ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੱਲ ਤੱਕ ਬੋਲੀ ਸ਼ੁਰੂ ਨਾ ਹੋਈ, ਤਾਂ ਉਹ ਡੀਸੀ ਦਫ਼ਤਰਾਂ ਦਾ ਘਿਰਾਓ ਕਰਨਗੇ। ਮਾਰਕੀਟ ਕਮੇਟੀ ਦੇ ਅਧਿਕਾਰੀ ਅਮਨਦੀਪ ਸਿੰਘ ਨੇ ਕਿਹਾ ਕਿ ਨਿੱਜੀ ਮੰਡੀਆਂ ਹਾਲੇ ਤੱਕ ਨੋਟੀਫਾਈ ਨਹੀਂ ਹੋਈਆਂ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ ਹੈ। ਬਾਕੀ ਸਰਕਾਰੀ ਖਰੀਦ ਕੇਂਦਰਾਂ ’ਤੇ ਰੋਜ਼ਾਨਾ ਬੋਲੀ ਲੱਗ ਰਹੀ ਹੈ।

Advertisement

ਬੋਲੀ ਲਾ ਕੇ ਖਰੀਦ ਪ੍ਰਬੰਧ ਸ਼ੁਰੂ ਕਰਨ ਦੀ ਮੰਗ

ਅਨਾਜ ਮੰਡੀ ਕਲਾਲਾ ਵਿਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਮਹਿਲ ਕਲਾਂ (ਨਵਕਿਰਨ ਸਿੰਘ): ਮੰਡੀਆਂ ਵਿੱਚ ਨਮੀ ਦਾ ਕਥਿਤ ਬਹਾਨਾ ਬਣਾ ਕੇ ਕਣਕ ਦੀ ਖਰੀਦ ਨਾ ਕੀਤੇ ਜਾਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਪਿੰਡ ਕਲਾਲਾ ਵਿਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਕਣਕ ਦੀ ਬੋਲੀ ਲਗਾ ਕੇ ਖਰੀਦ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਹਰਭਜਨ ਸਿੰਘ ਕਲਾਲਾ ਅਤੇ ਰਣਜੀਤ ਸਿੰਘ ਕਲਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਇੱਕ ਪਾਸੇ ਤਾਂ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਨ ਸਮੇਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਅਨਾਜ ਮੰਡੀਆਂ ਵਿੱਚ ਕਣਕ ਅੰਦਰ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।

ਕਣਕ ਦੀ ਭਰਵੀਂ ਪੈਦਾਵਾਰ ਪਰ ਖਰੀਦ ਪ੍ਰਬੰਧ ਤਸੱਲੀਬਖਸ਼ ਨਹੀਂ

ਨਥਾਣਾ (ਭਗਵਾਨ ਦਾਸ ਗਰਗ): ਇਸ ਵਾਰ ਪੰਜਾਬ ਵਿੱਚ ਕਣਕ ਦੀ ਭਰਵੀ ਪੈਦਾਵਾਰ ਹੋਣ ਦੀ ਆਸ ਹੈ ਪਰ ਮੰਡੀਆਂ ਅਤੇ ਖਰੀਦ ਕੇਦਰਾਂ ਵਿੱਚ ਵਿਕਰੀ ਖਾਤਰ ਪੁੱਜੀ ਜਿਣਸ ਦੀ ਖਰੀਦ ਤਸੱਲੀ ਬਖਸ਼ ਨਹੀਂ ਹੋ ਰਹੀ। ਪੰਜਾਬ ਦੇ ਕਿਸਾਨ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਲੈਣ ਲਈ ਬੀਤੇ ਲੰਬੇ ਸਮੇਂ ਤੋ ਸੰਘਰਸ਼ ਦੇ ਰਾਹ ਪਏ ਹੋਏ ਹਨ ਜਦੋ ਕਿ ਸਾਰੀਆਂ ਸਰਕਾਰਾਂ ਵੱਲੋਂ ਭਰੋਸੇ ਦਿੱਤੇ ਜਾਣ ਦੇ ਬਾਵਜੂਦ ਵੀ ਕਣਕ ਵਿਚ ਵਧੇਰੇ ਨਮੀ ਦਾ ਬਹਾਨਾ ਬਣਾ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਇਸ ਸਾਲ ਕਣਕ ਦੀ ਬਿਜਾਈ ਦੇ ਸਮੇਂ ਤੋ ਲੈ ਕੇ ਮੌਸਮ ਫ਼ਸਲ ਦੇ ਅਨੁਕੂਲ ਰਿਹਾ ਅਤੇ ਲੰਬੇ ਸਮੇ ਤੱਕ ਠੰਢ ਦਾ ਮੌਸਮ ਹੋਣ ਕਰਕੇ ਫਸਲ ਚੰਗੀ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਕਿਸਾਨ ਮਿਹਨਤ ਕਰਕੇ ਵਧੇਰੇ ਅੰਨ ਪੈਦਾ ਕਰ ਰਹੇ ਹਨ ਪ੍ਰੰਤੂ ਸਰਕਾਰਾਂ ਵਿਤਕਰੇਬਾਜ਼ੀ ਨਹੀਂ ਛੱਡ ਰਹੀਆਂ।

Advertisement
Author Image

Advertisement
Advertisement
×