ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਧਰਨਾ
ਇਕਬਾਲ ਸਿੰਘ ਸ਼ਾਂਤ
ਲੰਬੀ, 31 ਜੁਲਾਈ
ਮੌਨਸੂਨ ਦੌਰਾਨ ਮੀਂਹ ਘੱਟ ਪੈਣ ਕਾਰਨ ਅਤੇ ਪਾਵਰਕੌਮ ਵੱਲੋਂ ਲਾਏ ਜਾਂਦੇ ਬਿਜਲੀ ਦੀ ਕੱਟਾਂ ਕਾਰਨ ਝੋਨਾ ਉਤਪਾਦਕ ਕਿਸਾਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਸੀਤੋਗੁਣੋ ਬਿਜਲੀ ਗਰਿੱਡ ਅਧੀਨ ਪੈਂਦੇ ਪਿੰਡਾਂ ਵਿੱਚ ਕਈ ਦਿਨਾਂ ਤੋਂ ਖੇਤੀ ਸੈਕਟਰ ਵਿੱਚ ਅਣਐਲਾਨੇ ਬਿਜਲੀ ਕੱਟਾਂ ਕਾਰਨ ਝੋਨਾ ਦੀ ਫ਼ਸਲ ਸੁੱਕਣ ਦਾ ਡਰ ਖੜ੍ਹਾ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਲਈ ਫੋਨ ਕਰਨ ’ਤੇ ਫੋਨ ਚੁੱਕੇ ਨਹੀਂ ਜਾਂਦੇ। ਪਾਵਰਕੌਮ ਦੀ ਕਾਰਜਪ੍ਰਣਾਲੀ ਤੋਂ ਅੱਕ ਕੇ ਅੱਜ ਮਾਹਣੀਖੇੜਾ, ਬਹਾਦਰਖੇੜਾ ਅਤੇ ਵਜੀਤਪੁਰਾ ਦੇ ਕਿਸਾਨਾਂ ਨੇ ਭਾਈ ਕੇਰਾ (ਬਲੋਚਕੇਰਾ) ਵਿੱਚ ਮਲੋਟ-ਸੀਤੋਗੁਣੋ ਡਿਫੈਂਸ ਸੜਕ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।
ਇਸ ਸਬੰਧੀ ਕਿਸਾਨ ਅਜੈਬ ਸਿੰਘ, ਗੱਬਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਸਾਹਿਬ ਸਿੰਘ, ਰਾਜਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਲਈ ਰੋਜ਼ਾਨਾ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਦੇ ਬਾਵਜੂਦ ਕਈ ਦਿਨਾਂ ਤੱਕ ਤਿੰਨ ਤੋਂ ਪੰਜ ਘੰਟੇ ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਅਜੈਬ ਸਿੰਘ ਨੇ ਕਿਹਾ ਕਿ ਬਿਜਲੀ ਕੱਟਾਂ ਦਾ ਕੋਈ ਸਮਾਂ ਮੁਕਰਰ ਨਹੀਂ ਹੈ। ਖੇਤਾਂ ਵਿੱਚ ਪਾਣੀ ਦੀ ਕਿੱਲਤ ਕਾਰਨ ਝੋਨਾ ਸੁੱਕ ਰਿਹਾ ਹੈ। ਅਣਐਲਾਨੇ ਕੱਟਾਂ ਕਾਰਨ ਉਨ੍ਹਾਂ ਨੂੰ ਰਾਤਾਂ ਨੂੰ ਖੁਆਰ ਹੋਣਾ ਪੈ ਰਿਹਾ ਹੈ। ਵਿਭਾਗ ਦਾ ਅਮਲਾ ਕਿਸਾਨਾਂ ਨੂੰ ਫੋਨ ਕਰਨ ’ਤੇ ਵੀ ਕੋਈ ਜਾਣਕਾਰੀ ਨਹੀਂ ਦਿੰਦਾ। ਕਿਸਾਨਾਂ ਵੱਲੋਂ ਕਰੀਬ 6 ਘੰਟੇ ਸੜਕ ਜਾਮ ਕੀਤੀ ਗਈ।
ਇਸ ਮਗਰੋਂ ਪੁੱਜੇ ਪਾਵਰਕੌਮ ਦੇ ਐੱਸਡੀਓ ਗੁਰਭੇਜ ਸਿੰਘ ਅਤੇ ਜੇਈ ਸੁਮਿਤ ਨੇ ਉੱਚ ਅਧਿਕਾਰੀਆਂ ਨਾਲ ਗੱਲ ਕਰਵਾ ਕੇ ਕਿਸਾਨਾਂ ਨੂੰ ਮੀਂਹ ਨਾ ਪੈਣ ਕਰ ਕੇ ਬਿਜਲੀ ਕੱਟਾਂ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਅਤੇ ਧਰਨਾ ਖ਼ਤਮ ਕਰਨ ਲਈ ਰਾਜ਼ੀ ਕੀਤਾ।
ਬਿਜਲੀ ਕੱਟ ਮੁੱਖ ਦਫ਼ਤਰ ਪੱੱਧਰ ’ਤੇ ਸ਼ਡਿਊਲ ਦਾ ਹਿੱਸਾ: ਕਾਰਜਕਾਰੀ ਇੰਜਨੀਅਰ
ਪਾਵਰਕੌਮ ਡਿਵੀਜ਼ਨ ਬਾਦਲ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਯੋਧਵੀਰ ਸਿੰਘ ਜੋਸਨ ਨੇ ਕਿਹਾ ਕਿ ਬਿਜਲੀ ਦੇ ਅਣਐਲਾਨੇ ਕੱਟ ਮੀਂਹ ਨਾ ਪੈਣ ਕਾਰਨ ਮੁੱਖ ਦਫ਼ਤਰ ਪਟਿਆਲਾ ਪੱੱਧਰ ’ਤੇ ਸ਼ਡਿਊਲ ਦਾ ਹਿੱਸਾ ਹਨ। ਖ਼ਪਤਕਾਰਾਂ ਨੂੰ ਫੋਨ ’ਤੇ ਜਾਣਕਾਰੀ ਦੇਣ ਬਾਰੇ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ ਕੀਤੀ ਹੈ।