ਕਿਸਾਨਾਂ ਵੱਲੋਂ ਕੋਆਪ੍ਰੇਟਿਵ ਬੈਂਕ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ/ਨਿਰੰਜਣ ਬੋਹਾ
ਮਾਨਸਾ/ਬੋਹਾ, 18 ਸਤੰਬਰ
ਪੰਜਾਬ ਕਿਸਾਨ ਯੂਨੀਅਨ ਵੱਲੋਂ ਕੋਆਪਰੇਟਿਵ ਬੈਂਕ ਪਿੰਡ ਬਰ੍ਹੇ ਦੇ ਮੁੱਖ ਗੇਟ ਅੱਗੇ ਬੈਂਕ ਪ੍ਰਬੰਧਕਾਂ ਖ਼ਿਲਾਫ਼ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਬੈਂਕ ਪ੍ਰਬੰਧਕਾਂ ਵੱਲੋਂ ਕਰਜ਼ੇ ਦੇ ਲੈਣ-ਦੇਣ ਵਿੱਚ ਇੱਕ ਕਿਸਾਨ ਨੂੰ ਜੇਲ੍ਹ ਭੇਜਿਆ ਗਿਆ ਹੈ, ਜਿਸ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਪੀੜਤ ਕਿਸਾਨ ਦੀ ਰਿਹਾਈ ਨਹੀਂ ਹੁੰਦੀ, ਤਦ ਤੱਕ ਬੈਂਕ ਅੱਗੇ ਦਿਨ ਰਾਤ ਧਰਨਾ ਚੱਲੇਗਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਨੇ ਦੱਸਿਆ ਕਿ ਪਿੰਡ ਬਰ੍ਹੇ ਦੇ ਕਿਸਾਨ ਕਾਕਾ ਸਿੰਘ ਵੱਲੋਂ ਕੋਆਪ੍ਰੇਟਿਵ ਬੈਂਕ ਤੋਂ 13 ਸਾਲ ਪਹਿਲਾਂ ਢਾਈ ਲੱਖ ਰੁਪਏ ਦੀ ਲਿਮਟ ਬਣਵਾਈ ਗਈ ਸੀ, ਜੋ ਵਾਰ-ਵਾਰ ਫਸਲਾਂ ਦੇ ਖਰਾਬੇ ਅਤੇ ਕੁਦਰਤੀ ਮਾਰਾਂ ਕਾਰਨ ਹੋਏ ਨੁਕਸਾਨ ਦੇ ਚੱਲਦਿਆਂ ਭਰਨ ਵਿੱਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਵਿਆਜ ਉਪਰ ਵਿਆਜ ਲਗਾਕੇ ਹੁਣ ਤੱਕ 11 ਲੱਖ ਰੁਪਏ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬੈਂਕ ਤੇ ਪੀੜਤ ਕਿਸਾਨ ਵਿਚਕਾਰ 4 ਲੱਖ 80 ਹਜ਼ਾਰ ਰੁਪਏ ’ਤੇ ਸਮਝੌਤਾ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਬੈਂਕ ਵੱਲੋਂ ਸਮਝੌਤਾ ਰੱਦ ਕਰਦਿਆਂ ਕਿਸਾਨ ਉਪਰ ਕਰਜ਼ਾ ਵਸੂਲੀ ਦਾਅਵਾ ਕਰਕੇ ਜੇਲ੍ਹ ਅੰਦਰ ਬੰਦ ਕਰਵਾ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਦਾ ਰਾਹ ਅਪਣਾਏਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ। ਇਸ ਮੌਕੇ ਨਰਿੰਦਰ ਕੌਰ ਬੁਰਜ ਹਮੀਰਾ, ਗੁਰਤੇਜ ਸਿੰਘ ਬਰ੍ਹੇ, ਦਰਸ਼ਨ ਸਿੰਘ ਮਘਾਣੀਆਂ, ਕੁਲਵੀਰ ਸਿੰਘ ਫੁੱਲੂਵਾਲਾ, ਬਾਬੂ ਸਿੰਘ ਵਰ੍ਹੇ ਤੇ ਮੇਲਾ ਸਿੰਘ ਝੱਲਬੂਟੀ ਨੇ ਵੀ ਸੰਬੋਧਨ ਕੀਤਾ।