ਨਾਮਜ਼ਦਗੀਆਂ ਰੱਦ ਕਰਨ ’ਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਧਰਨਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 9 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀਆਂ ਦਾਖ਼ਲ ਕਰਨ ਵੇਲੇ ਕਈ ਥਾਵਾਂ ’ਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਵਾਪਰਨ ਕਰਕੇ ਪਿੰਡਾਂ ਦੇ ਲੋਕਾਂ ਵਿੱਚ ਨਾ ਸਿਰਫ਼ ਭਾਰੀ ਰੋਸ ਹੈ ਸਗੋਂ ਹਲਾਤ ਤਣਾਅਪੂਰਨ ਬਣੇ ਹੋਏ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਹੋਈਆਂ ਅਜਿਹੀਆਂ ਵਧੀਕੀਆਂ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਜਥੇਬੰਦੀ ਦੇ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕਲੱਸਟਰ ਨੰਬਰ 19 ਅਧੀਨ ਪੈਂਦੀਆਂ ਪੰਚਾਇਤਾਂ ਜਿਵੇਂ ਪਿੰਡ ਮਹਿਮਾ, ਮੱਲੂਵਾਲਾ, ਧੀਰਾ ਪਤਰਾ, ਮੋਹਰੇਵਾਲਾ ਅਤੇ ਨਸੀਰਾ ਖਿਲਚੀਆਂ ਦੇ ਸਰਪੰਚੀ ਦੇ ਕਾਗਜ਼ ਕਥਿਤ ਜਾਣਬੁੱਝ ਕੇ ਰੱਦ ਕੀਤੇ ਗਏ ਹਨ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਅਧਿਕਾਰੀ ਨੂੰ ਮੁਅੱਤਲ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਰੱਦ ਕੀਤੀਆਂ ਗਈਆਂ ਫ਼ਾਈਲਾਂ ਨੂੰ ਮੁੜ ਬਹਾਲ ਕੀਤਾ ਜਾਵੇ ਤੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ ਜਿੰਨਾ ਸਮਾਂ ਰੱਦ ਕੀਤੀਆਂ ਗਈਆਂ ਫ਼ਾਈਲਾਂ ਨੂੰ ਬਹਾਲ ਕਰਕੇ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਓਨਾ ਸਮਾਂ ਕਲਸਟਰ ਨੰਬਰ 19 ਵਿਚ ਸਰਪੰਚ ਦੇ ਸਰਟੀਫ਼ਿਕੇਟ ਜਾਰੀ ਨਾ ਕੀਤੇ ਜਾਣ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਮਹਿਮਾ, ਗੁਰਮੀਤ ਸਿੰਘ ਪੋਜੋਕੇ, ਜਤਿੰਦਰ ਰੌਫ਼ੀ, ਗੁਰਭੇਜ ਸਿੰਘ ਟਿੱਬੀ ਕਲਾਂ ਅਤੇ ਸੁਖਦੇਵ ਸਿੰਘ ਮਹਿਮਾ ਆਦਿ ਮੌਜੂਦ ਸਨ।