ਨਵੇਂ ਫ਼ੌਜਦਾਰੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਜੁਲਾਈ
ਨਜ਼ਦੀਕੀ ਟੌਲ ਪਲਾਜ਼ਾ ਚੌਕੀਮਾਨ ’ਤੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਤਿੰਨ ਫ਼ੌਜਦਾਰੀ ਕਾਨੂੰਨਾਂ ਨੂੰ ‘ਕਾਲੇ’ ਦੱਸਦੇ ਹੋਏ ਇਨ੍ਹਾਂ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ। ਨਾਅਰੇਬਾਜ਼ੀ ਕਰ ਕੇ ਇਨ੍ਹਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗੇ ਕਰਾਰ ਦਿੰਦੇ ਹੋਏ, ਉਸੇ ਤਰ੍ਹਾਂ ਵਾਪਸ ਲੈਣ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਦੇ ਕਾਰਕੁਨ ਭਲਕੇ ਐਤਵਾਰ ਨੂੰ ਜਗਰਾਉਂ ਥਾਣੇ ਅੱਗੇ ਚੱਲਦੇ ਪੱਕੇ ਮੋਰਚੇ ‘ਚ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ 8 ਜੁਲਾਈ ਨੂੰ ਸਵੇਰੇ ਦਸ ਵਜੇ ਲੁਧਿਆਣਾ ਤੋਂ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਅਗਲੇ ਦਿਨ ਮੰਗਲਵਾਰ ਨੂੰ ਸ਼ੰਭੂ ਬਾਰਡਰ ਲਈ ਕਾਫ਼ਲੇ ਚੌਕੀਮਾਨ ਟੌਲ ਮੋਰਚੇ ਤੋਂ ਰਵਾਨਾ ਕੀਤੇ ਜਾਣਗੇ।
ਇਸ ਦੀ ਤਿਆਰੀ ਵਜੋਂ ਅੱਜ ਪਿੰਡਾਂ ਕੁਲਾਰ, ਢੱਟ, ਖੰਜਰਵਾਲ, ਵਿਰਕ, ਬਰਸਾਲ, ਸੰਗਤਪੁਰਾ ਤੇ ਸਵੱਦੀ ਕਲਾਂ ਵਿੱਚ ਮੀਟਿੰਗਾਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਗੁਰਮੇਲ ਸਿੰਘ ਢੱਟ, ਗੁਰਸੇਵਕ ਸਿੰਘ ਸੋਨੀ ਸਵੱਦੀ, ਗੁਰਦੇਵ ਸਿੰਘ ਮੁੱਲਾਂਪੁਰ ਤੇ ਜਰਨੈਲ ਸਿੰਘ ਮੁੱਲਾਂਪੁਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੋ ਸੌ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫੋਰਮ ਦੀ ਸ਼ੰਭੂ ਮੋਰਚੇ ਦੀ ਸਟੇਜ ’ਤੇ ਭਾਜਪਾ ਅੰਬਾਲਾ ਦੇ ਆਗੂ ਤੇ ਪੰਜਾਬ ਦੀ ਹਾਕਮ ਧਿਰ ਦੇ ਗੁਰਲਾਲ ਸਿੰਘ ਘਨੌਰ ਦੀ ਕਥਿਤ ਮਿਲੀਭੁਗਤ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੇ ਗੁੰਡਾਗਰਦੀ ਵਾਲੇ ਹੱਲੇ ਨਾਕਾਮ ਕੀਤੇ ਗਏ ਜਿਸ ਲਈ ਲੋਕ ਏਕਤਾ ਵਧਾਈ ਦੀ ਹੱਕਦਾਰ ਹੈ।