ਝੋਨੇ ਦੀ ਖਰੀਦ ਬੰਦ ਕਰਨ ਖ਼ਿਲਾਫ਼ ਕਿਸਾਨਾਂ ਵੱਲੋਂ ਧਰਨਾ
ਅੰਮ੍ਰਿਤ ਧਾਲੀਵਾਲ
ਰੂੜੇਕੇ ਕਲਾਂ, 28 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਬਰਨਾਲਾ ਨੇ ਲੋਕਲ ਮੰਡੀਆਂ ’ਚੋਂ ਝੋਨੇ ਦੀ ਖਰੀਦ ਬੰਦ ਕਰਨ ਖ਼ਿਲਾਫ਼ ਅੱਜ ਬਰਨਾਲਾ-ਮਾਨਸਾ ਸੜਕ ’ਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬਲਜਿੰਦਰ ਸਿੰਘ ਧੌਲਾ ਤੇ ਮਨਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਮੰਡੀਆਂ ਵਿੱਚ ਤਾਂ ਅਜੇ ਵੀ ਝੋਨੇ ਦੇ ਅੰਬਾਰ ਲੱਗੇ ਪਏ ਹਨ ਪਰ ਸਰਕਾਰ ਵੱਲੋਂ ਖਰੀਦ ਬੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਰੀਦ ਬੰਦ ਕਰਨ ਕਰ ਕੇ ਕਿਸਾਨ ਮੰਡੀਆਂ ਵਿੱਚ ਪਏ ਝੋਨੇ ਨੂੰ ਕਿੱਥੇ ਲੈ ਕੇ ਜਾਵੇਗਾ। ਇਸ ਮੌਕੇ ਬਰਨਾਲਾ ਪ੍ਰਸ਼ਾਸਨ ਨੇ ਤਰੁੰਤ ਹਰਕਤ ’ਚ ਆਉਂਦਿਆਂ ਮਾਰਕੀਟ ਕਮੇਟੀ ਤਪਾ ਤੇ ਸਬੰਧਤ ਅਧਿਕਾਰੀ ਬੁਲਾਕੇ ਮੀਟਿੰਗ ਕਰਵਾਈ। ਮੀਟਿੰਗ ’ਚ ਭਰੋਸਾ ਦਿਵਾਇਆ ਕਿ 30 ਨਵੰਬਰ ਤੱਕ ਮੰਡੀਆਂ ਪਏ ਝੋਨੇ ਭਰਾਈ ਜਾਰੀ ਰਹੇਗੀ। ਇਸ ਸਬੰਧੀ ਆੜ੍ਹਤੀ ਤੇ ਕਿਸਾਨਾਂ ਦੀ ਸਹਿਮਤੀ ਹੋ ਗਈ ਜਿਸ ਕਰਕੇ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜ਼ੇ’ ਚ ਕਿਹਾ ਕਿ ਜੇ ਕਿਸਾਨਾਂ ਨੇ ਪਰਾਲੀ ਸਾੜਨ ਦੇ ਕਿਸਾਨਾਂ ਉਪਰ ਪਰਚੇ, ਰੈੱਡ ਐਂਟਰੀ ਤੇ ਜੁਰਮਾਨੇ ਭਰਵਾਉਣ ਲਈ ਮਜਬੂਰ ਕੀਤਾ ਗਿਆ ਤਾਂ ਇਸ ਦਾ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।