ਕਿਸਾਨਾਂ ਵੱਲੋਂ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਜਲੰਧਰ, 27 ਅਕਤੂਬਰ
ਝੋਨੇ ਦੀ ਫਸਲ ਨੂੰ ਲੈ ਕੇ ਪਿਛਲੇ ਕਰੀਬ 2 ਹਫਤਿਆਂ ਤੋਂ ਆਦਮਪੁਰ ਦੀਆਂ ਵੱਖ ਵੱਖ ਮੰਡੀਆਂ ’ਚ ਕੁਝ ਆੜ੍ਹਤੀਆਂ ਸਮੇਤ ਸ਼ੈਲਰ ਮਾਲਕਾਂ ਦੀ ਕਥਿਤ ਮਿਲੀਭੁਗਤ ਹੋਣ ਕਾਰਨ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਕਿਸਾਨਾਂ ਨੇ ਢੰਡੌਰ ਮੰਡੀ ਵਿੱਚ ਆੜ੍ਹਤੀਆਂ ਸਮੇਤ ਸ਼ੈਲਰ ਮਾਲਕਾਂ ਰੋਸ ਮੁਜ਼ਾਹਰਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਆੜ੍ਹਤੀਆਂ ਵੱਲੋਂ ਫਸਲਾਂ ’ਤੇ ਕੱਟ ਲਗਾ ਕੇ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਉਹ ਕਦੀ ਬਰਦਾਸ਼ਤ ਨਹੀਂ ਕਰਾਨਗੇ।
ਬੀਕੇਯੂ ਖੋਸਾ ਦੇ ਪ੍ਰਧਾਨ ਤਰਸੇਮ ਸਿੰਘ ਕੋਟਲੀ ਨੇ ਦੱਸਿਆ ਮੰਡੀ ਵਿੱਚ ਕੁਝ ਆੜ੍ਹਤੀਆਂ ਨੂੰ ਸ਼ੈਲਰ ਮਾਲਕਾਂ ਨਾਲ ਕਥਿਤ ਮਿਲੀਭੁਗਤ ਹੋਣ ਕਰਕੇ ਬਾਰਦਾਨਾ ਮਿਲ ਰਿਹਾ ਹੈ ਪਰ ਜਿਹੜੇ ਆੜ੍ਹਤੀਏ ਕੱਟ ਨਹੀਂ ਲਗਾ ਰਹੇ ਉਨਾਂ ਨੂੰ ਨਾ ਹੀ ਬਾਰਦਾਨਾ ਨਾ ਹੀ ਲਿਫਟਿੰਗ ਲਈ ਗੱਡੀਆਂ ਦਿੱਤੀਆਂ ਜਾ ਰਹੀਆਂ। ਕਿਸਾਨ ਕੁਲਵੰਤ ਸਿੰਘ, ਅਵਤਾਰ ਸਿੰਘ ,ਗੁਰਧਿਆਨ ਸਿੰਘ, ਬਖਸ਼ੀਸ਼ ਸਿੰਘ ਨੇ ਦੱਸਿਆ ਸ਼ੈਲਰ ਮਾਲਕਾਂ ਵੱਲੋਂ ਆੜ੍ਹਤੀਆਂ ਨਾਲ ਮਿਲ ਕੇ ਇੱਕ ਫਰਜ਼ੀ ਪਰਚੀ ਬਣਾ ਕੇ ਫਸਲਾਂ ਤੇ ਕੱਟ ਲਾਉਣ ਲਈ ਮਜਬੂਰ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਈ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੁੰ ਚੁੱਕ ਕੇ ਦੂਜੀ ਮੰਡੀ ਲੈ ਜਾਣ ਦਾ ਫੈਸਲਾ ਕੀਤਾ ਹੈ। ਉਨਾਂ ਚੇਤਾਵਨੀ ਦਿੰਦੇ ਕਿਹਾ ਹੈ ਜੇਕਰ ਕਿਸਾਨਾਂ ਦੀਆਂ ਫਸਲਾਂ ’ਤੇ ਕੱਟ ਲਾਉਣਾ ਬੰਦ ਨਹੀਂ ਕੀਤਾ ਤਾਂ ਫਿਰ ਜਥੇਬੰਦੀਆਂ ਵੱਲੋਂ ਸ਼ੈਲਰਾਂ ਦਾ ਘਿਰਾਓ ਕੀਤਾ ਜਾਵੇਗਾ।