ਮ੍ਰਿਤਕਾ ਦੇ ਪਰਿਵਾਰ ਵੱਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਧਰਨਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 20 ਅਗਸਤ
ਪਿੰਡ ਕਾਕੂਵਾਲਾ ਵਿੱਚ ਕਮਲਜੀਤ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਪੇਕਾ ਪਰਿਵਾਰ ਵੱਲੋਂ ਰਾਜਨੀਤਕ ਪਾਰਟੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਨਾਲ ਪਿੰਡ ਕਾਕੂਵਾਲਾ ਵਿੱਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਐਂਬੂਲੈਂਸ ਵਿੱਚ ਲਾਸ਼ ਰੱਖ ਕੇ ਧਰਨਾ ਲਾਇਆ ਗਿਆ ਅਤੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਧਰਨੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਹਰਪਾਲ ਸਿੰਘ ਚੀਮਾਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਗੁਲਜ਼ਾਰੀ ਮੂਣਕ ਅਤੇ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡ ਢੰਡਿਆਲ ਦੇ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਸਨ।
ਥਾਣਾ ਦਿੜ੍ਹਬਾ ਦੇ ਮੁਖੀ ਨੇ਼ ਕਿਹਾ ਕਿ ਇਹ ਮਾਮਲਾ ਪੈਂਡਿੰਗ ਹੈ। ਦੂਸਰੇ ਪਾਸੇ ਸੂਤਰਾਂ ਅਨੁਸਾਰ ਕਮਲਜੀਤ ਕੌਰ ਦੇ ਪਤੀ ਅਤੇ ਕੁਝ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਹਰਪਾਲ ਸਿੰਘ ਚੀਮਾਂ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਕਮਲਜੀਤ ਕੌਰ ਦੇ ਸਹੁਰਿਆਂ ਵੱਲੋਂ ਕਤਲ ਕੀਤੇ ਜਾਣ ਦਾ ਦੋਸ਼ ਲਾ ਰਹੇ ਹਨ। ਉਹਨਾਂ ਦੱਸਿਆ ਕਿ ਪੁਲੀਸ ਨੇ ਕੱਲ ਤੱਕ ਦਾ ਸਮਾਂ ਮੰਗਿਆ ਹੈ ਪਰ ਜੇਕਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਪੀੜਤ ਪਰਿਵਾਰ ਉਨ੍ਹਾਂ ਨਾਲ ਖੜ੍ਹੇ ਹਨ। ਡੀਐੱਸਪੀ ਦਿੜ੍ਹਬਾ ਅਤੇ ਹੋਰ ਪੁਲੀਸ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਚੁੱਕ ਦਿੱਤਾ।