ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਪਟਿਆਲਾ, 8 ਅਗਸਤ
ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨ ਦੇ ਰੋਸ ਵਜੋਂ ਨਹਿਰੀ ਦਫ਼ਤਰ ਅੱਗੇ ਵਿਸ਼ਾਲ ਰੈਲੀ ਕਰਨ ਮਗਰੋਂ ਮੁੱਖ ਮੰਤਰੀ ਦੇ ਲਾਰਿਆਂ ਦੀ ਪੰਡ ਫੂਕੀ। ਰੈਲੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਪ੍ਰੀਤਮ ਠਾਕੁਰ ਤੇ ਜਗਮੋਹਨ ਨੌਲੱਖਾ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਜਾਰੀ ਕੀਤੀ ਨੀਤੀ ਨੂੰ ਸਿਉਂਕ ਖਾ ਰਹੀ ਹੈ, ਇਸ ਨੀਤੀ ਤਹਿਤ ਕੋਈ ਵੀ ਕਰਮੀ ਰੈਗੂਲਰ ਨਹੀਂ ਹੋਵੇਗਾ। ਇਸ ਪਾਲਿਸੀ ਵਿਚੋਂ ਆਊਟਸੋਰਸ, ਪਾਰਟ ਟਾਈਮ, ਇਨਲਿਸਟਮੈਂਟ ਮਸਟਰੋਲ ’ਤੇ ਕੰਮ ਕਰਦੇ ਕਰਮੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪੁਰਾਣੀ ਪੈਨਸ਼ਨ ਬਹਾਲ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ, ਮਹਿੰਗਾਈ ਭੱਤਾ ਦੇਣ ਅਤੇ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪਰਿਸ਼ਦਾਂ ਵਿੱਚ ਕੰਮ ਕਰਦੇ ਸਫ਼ਾਈ ਕਾਮਿਆਂ, ਸੀਵਰਮੈਨਾਂ ਅਤੇ ਜੰਗਲਾਤ ਦੇ ਦਿਹਾੜੀਦਾਰਾਂ ਨੂੰ ਪਹਿਲ ਦੇ ਆਧਾਰ ’ਤੇ ਰੈਗੂਲਰ ਕਰਨ ਵਰਗੀਆਂ ਮੰਗਾਂ ’ਤੇ ਮੁੱਖ ਮੰਤਰੀ ਵੱਲੋਂ ਟਾਲਾ ਵੱਟਣ ’ਤੇ ਝੂਠੇ ਲਾਰਿਆਂ ਦੀ ਪੰਡ ਫੁਕੀ ਗਈ ਹੈ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ 14-15 ਅਗਸਤ ਨੂੰ ਭੁੱਖ ਹੜਤਾਲ ਕਰਕੇ ਮੰਤਰੀਆਂ ਨੂੰ ਯਾਦ ਪੱਤਰ ਦਿੱਤੇ ਜਾਣਗੇ। ਇਸ ਮੌਕੇ ਮਾਧੋ ਰਾਹੀ, ਨਾਰੰਗ ਸਿੰਘ, ਬਲਬੀਰ ਸਿੰਘ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਕਮਲਜੀਤ, ਅਮਰੀਕ ਸਿੰਘ, ਰਾਜੇਸ਼ ਕਲਿਆਣ, ਸ਼ਿਵ ਚਰਨ, ਕੁਲਦੀਪ ਸਿੰਘ, ਭਰਪੂਰ ਸਿੰਘ, ਲਖਵੀਰ ਸਿੰਘ, ਹਰੀ ਰਾਮ ਨਿੱਕਾ, ਅਮਰ ਨਾਥ ਨਰੜੂ, ਬੀਰ ਸਿੰਘ ਤੇ ਵੇਦ ਪ੍ਰਕਾਸ਼ ਆਦਿ ਨੇ ਵੀ ਸੰਬੋਧਨ ਕੀਤਾ।