ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਰੋਸ ਵਿਖਾਵਾ
ਰਵੇਲ ਿਸੰਘ ਭਿੰਡਰ
ਪਟਿਆਲਾ, 24 ਜੁਲਾਈ
ਪੰਜਾਬ ਯੂਟੀ ਮੁਲਾਜ਼ਮ ਤੇ ਪੈਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਪੰਜਾਬ ਦੇ ਸਮੁੱਚੇ ਪਾਵਰਕੌਮ ਪੈਨਸ਼ਨਰਾਂ ਨੇ ਕਰੋਨਾ ਮਹਾਮਾਰੀ ਸਬੰਧੀ ਬਚਾਅ ਆਦੇਸ਼ਾਂ ਦੀ ਪਾਲਣਾ ਕਰਦਿਆਂ 20 ਤੋਂ 24 ਜੁਲਾਈ ਤੱਕ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੇ ਵਿਰੋਧ ’ਚ ਰੋਸ ਹਫਤਾ ਮਨਾਇਆ। ਇਸ ਦੀ ਕੜੀ ਵਜੋਂ ਪਾਵਰ ਪੈਨਸ਼ਨਰਜ਼ ਵੱਲੋਂ ਅੱਜ ਇਥੇ ਕਾਲੀਆਂ ਪੱਗਾਂ, ਕਾਲੇ ਪਟਕੇ, ਕਾਲੀਆਂ ਪੱਟੀਆਂ ਤੇ ਕਾਲੇ ਝੰਡਿਆਂ ਨਾਲ ਵਿਖਾਵਾ ਕਰਕੇ ਘੜੇ ਭੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸਟੇਟ ਪ੍ਰਧਾਨ ਅਵਨਿਾਸ਼ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ’ਤੇ ‘ਹਮਲਾ’ ਕਰਦੀ ਆ ਰਹੀ ਹੈ। ਇਸ ਦੇ ਰੋਸ ਵਜੋਂ ਅੱਜ ਵੱਖ ਵੱਖ ਥਾਵਾਂ ’ਤੇ ਸਥਾਨਕ ਮੰਡਲ ਯੂਨਿਟਾਂ ਸਬ ਅਰਬਨ ਮੰਡਲ ਵਿੱਚ ਅਤਰ ਸਿੰਘ, ਈਸਟ ਮੰਡਲ ਵਿੱਚ ਸੁਰਿਦਰ ਸਿੰਘ ਖਾਲਸਾ ਅਤੇ ਪੱਛਮ ਮੰਡਲ ਵਿੱਚ ਸ੍ਰੀ ਰਾਮ ਚੰਦ ਲਹਿਰ ਮੰਡਲ ਪ੍ਰਧਾਨ ਅਤੇ ਸਰਕਲ ਦਫਤਰ ਅੱਗੇ ਸ੍ਰੀ ਰਾਮ ਚੰਦ ਬਖਸ਼ੀਵਾਲਾ ਸਰਕਲ ਸਕੱਤਰ ਦੀ ਅਗਵਾਈ ਵਿੱਚ ਕਰੋਨਾ ਮਹਾਮਾਰੀ ਸਬੰਧੀ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਤੇ ਸੰਤੋਖ ਸਿੰਘ ਬੋਪਾਰਾਏ ਜਥੇਬੰਦਕ ਸਕੱਤਰ ਸ਼ਾਮਲ ਹੋਏ।
ਅਵਨਿਾਸ਼ ਸ਼ਰਮਾ ਅਤੇ ਧਨਵੰਤ ਸਿੰਘ ਭੱਠਲ ਨੇ ਕਿਹਾ ਕਿ 17 ਜੁਲਾਈ ਦੀ ਨੋਟੀਫਿਕੇਸ਼ਨ ਤੁਰੰਤ ਵਾਪਸ ਲਈ ਜਾਵੇ ਅਤੇ ਬਾਕੀ ਮੰਗਾਂ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਆਉਣ ਵਾਲੇ ਸਮੇ ਵਿਚ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੇ ਨਾਲ ਮਿਲਕੇ ਤਿਖੇ ਸੰਘਰਸ਼ ਕੀਤੇ ਜਾਣਗੇ ਜਿਸ ਲਈ 27 ਜੁਲਾਈ ਨੂੰ ਫਰੰਟ ਦੀ ਮੁੜ ਮੀਟਿੰਗ ਕੀਤੀ ਜਾਵੇਗੀ।
ਸਮਾਣਾ (ਸੁਭਾਸ਼ ਚੰਦਰ): ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਸਮਾਣਾ ਇਕਾਈ ਦੇ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਘੜਾ ਭੰਨ੍ਹ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਕੰਵਲ ਨੈਣ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਤੋਂ ਵਾਰ ਵਾਰ ਭੱਜ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਪੈਟਰਨ ’ਤੇ ਤਨਖਾਹ ਸਕੇਲ ਲਾਗੂ ਕਰਕੇ ਮੁਲਾਜਮ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।
ਸਰਵਿਸਿਜ਼ ਫੈਡਰੇਸ਼ਨ ਤੇ ਕਲਾਸ ਫੋਰਥ ਐਂਪਲਾਈਜ਼ ਯੂਨੀਅਨ ਵੱਲੋਂ ਪ੍ਰਦਰਸ਼ਨ
ਪਟਿਆਲਾ (ਸਰਬਜੀਤ ਭੰਗੂ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਇੱਥੇ ਸਿੰਜਾਈ ਵਿਭਾਗ ਆਈਬੀ ਬਾਰਾਖੁਹ ਕੰਪਲੈਕਸ ’ਚ ਘੜੇ ਭੰਨ੍ਹ ਕੇ ਵਿੱਤ ਵਿਭਾਗ ਦੇ 17 ਜੁਲਾਈ ਦੇ ਤਨਖਾਹ ਸਕੇਲਾਂ ਸਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੋਵਿਡ-19 ਦੀ ਆੜ ’ਚ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਦਿਹਾੜੀਦਾਰ, ਕੰਟਰੈਕਟ, ਆਊੁਟ ਸੋਰਸ ਤੇ ਪਾਰਟ ਟਾਈਮ ਕਰਮੀਆਂ ਨੂੰ ਰੈਗੂਲਰ ਕਰਨ ਸਣੇ ਪਿਛਲੇ ਸਾਡੇ ਤਿੰਨ ਸਾਲਾਂ ਤੋਂ ਮੰਗਾਂ ਨਹੀਂ ਮੰਨ ਰਹੀ। ਜਦੋਂਕਿ ਹੁਣ ਹਜ਼ਾਰਾਂ ਅਸਾਮੀਆਂ ਵੀ ਖ਼ਤਮ ਕਰ ਦਿੱਤੀਆਂ ਤੇ ਉਪਰੋਂ ਨਵੇਂ ਭਰਤੀ ਕੀਤੇ ਜਾਣ ਵਾਲ਼ੇ ਮੁਲਾਜ਼ਮਾਂ ’ਤੇ ਤਨਖਾਹ ਸਕੇਲ ਕੇਂਦਰ ਦੀ ਤਰਜ਼ ’ਤੇ ਅਪਣਾਉਣ ਦਾ ਪੱਤਰ ਵੀ ਜਾਰੀ ਕਰ ਦਿੱਤਾ ਹੈ, ਜੋ ਮੁਲਾਜ਼ਮ ਮਾਰੂ ਫੈਸਲਾ ਹੈ। ਇਸ ਮੌਕੇ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ, ਰਾਮ ਕਿਸ਼ਨ, ਰਾਮ ਕੁਮਾਰ ਸਹੋਤਾ, ਕੇਸਰ ਸਿੰਘ ਸੈਣੀ, ਸੂਰਜਪਾਲ ਯਾਦਵ, ਗੁਰਦਰਸ਼ਨ ਸਿੰਘ ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ।