ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਮਜੀਠਾ, 19 ਜੁਲਾਈ
ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ਸਬ-ਡਿਵੀਜ਼ਨ ਮਜੀਠਾ 1 ਤੇ 2 ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਰੈਲੀ ਕਰਕੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਅਰਥੀ ਫੂਕੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19 ਮਈ ਨੂੰ ਜਥੇਬੰਦੀ ਨਾਲ ਕੀਤੀ ਮੀਟਿੰਗ ’ਚ ਮੈਂਨਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁਖਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਪਟਿਆਲਾ ਸਰਕਲ ਦੇ ਆਗੂਆਂ ਦੀਆਂ ਡਿਸਮਿਸਲਾਂ, ਮੁਕਤਸਰ ਸਰਕਲ ਦੇ ਆਗੂਆਂ ਦੀਆਂ ਮੁਅੱਤਲੀਆਂ, ਮੁਹਾਲੀ ਤੇ ਲੁਧਿਆਣਾ ਸਰਕਲ ਅੰਦਰ ਕੀਤੀਆਂ ਸਿਆਸੀ ਅਧਾਰ ’ਤੇ ਬਦਲੀਆਂ, ਸੀ.ਆਰ.ਏ. 295/19 ਵਾਲੇ ਸਾਥੀਆਂ ਦੇ ਪੁਲੀਸ ਕੇਸ ਰੱਦ ਕੀਤੇ ਜਾਣ। ਇਹਨਾਂ ਮੰਗਾਂ ਨੂੰ ਹੱਲ ਕਰਾਉਣ ਲਈ 31 ਜੁਲਾਈ ਤੱਕ ਸਮੁੱਚੇ ਵਿਧਾਇਕਾਂ ਰਾਹੀਂ ਜਥੇਬੰਦੀ ਦੇ ਵੱਡੇ ਡੈਪੂਟੇਸ਼ਨ ਲੈ ਕੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਰੈਲੀ ਨੂੰ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਜੇਠੂਵਾਲ, ਸਰਕਲ ਸਕੱਤਰ ਸੁਖਪਾਲ ਸਿੰਘ, ਖ਼ਜ਼ਾਨਚੀ ਕੁੰਦਨ ਲਾਲ, ਡਿਵੀਜ਼ਨ ਪ੍ਰਧਾਨ ਰਘਬੀਰ ਸਿੰਘ, ਸਕੱਤਰ ਸੰਦੀਪ, ਜਗਬੀਰ ਸਿੰਘ ਅਤੇ ਵਿਪਨ ਕੁਮਾਰ ਨੇ ਸੰਬੋਧਨ ਕੀਤਾ।
ਚੇਤਨਪੁਰਾ (ਪੱਤਰ ਪ੍ਰੇਰਕ): ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਆਪਣੀਆਂ ਮੰਗਾਂ ਸਬੰਧੀ ਸਬ-ਡਿਵੀਜ਼ਨ ਹਰਸ਼ਾ ਛੀਨਾ ਵਿੱਚ ਸਬ- ਡਿਵੀਜ਼ਨ ਪ੍ਰਧਾਨ ਜੁਗਰਾਜ ਸਿੰਘ ਛੀਨਾ ਦੀ ਅਗਵਾਈ ਹੇਠ ਰੈਲੀ ਕੀਤੀ ਗਈ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ।
ਰੈਲੀ ਨੂੰ ਸੰਬੋਧਨ ਕਰਦੇ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19 ਮਈ ਨੂੰ ਜਥੇਬੰਦੀ ਨਾਲ ਲਿਖਤੀ ਮੀਟਿੰਗ ਕੀਤੀ ਗਈ। ਜਿਸ ਵਿੱਚ ਮੈਂਨਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁਖਾ ਰਿਹਾ। ਆਗੂਆਂ ਨੇ ਦੱਸਿਆ ਕਿ ਸਾਂਝੇ ਫੋਰਮ ਵੱਲੋਂ ਜੁਲਾਈ ਦੇ ਚੌਥੇ ਹਫਤੇ ਬਿਜਲੀ ਕਾਮਿਆਂ ਦੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਲੁਹਾਰਕਾ, ਜਰਨੈਲ ਸਿੰਘ ਸੈਂਸਰਾ, ਪ੍ਰੀਤਮ ਸਿੰਘ, ਬਲਜੀਤ ਸਿੰਘ ਤੇਜਾ, ਨਰਿੰਦਰ ਕੁਮਾਰ ਅਤੇ ਜਸਪਾਲ ਸਿੰਘ ਨੇ ਸੰਬੋਧਨ ਕੀਤਾ।