ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ
ਗੁਰਬਖਸ਼ਪੁਰੀ
ਤਰਨ ਤਾਰਨ, 8 ਅਗਸਤ
ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਦਲਿਤ ਦਾਸਤਾਨ ਵਿਰੋਧੀ ਅੰਦੋਲਨ ਅਤੇ ਨਰੇਗਾ ਵਰਕਰ ਯੂਨੀਅਨ ਆਦਿ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਕੇਂਦਰ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿੱਚ ਦਲਿਤਾਂ ਦੇ ਹਿੱਤਾਂ ਦੀ ਅਣਦੇਖੀ ਕਰਨ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਅਧਿਕਾਰੀਆਂ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਵੀ ਦਿੱਤਾ| ਇਸ ਮੌਕੇ ਆਗੂ ਰਣਜੀਤ ਸਿੰਘ ਸ਼ਕਰੀ, ਅਰੂੜ ਸਿੰਘ, ਬਾਦਲ ਸਿੰਘ, ਹੀਰਾ ਸਿੰਘ, ਮਲਕੀਤ ਸਿੰਘ, ਬੀਬੀ ਸੁਰਜੀਤ ਕੌਰ ਠੱਠੀਆਂ ਮਹੰਤਾਂ, ਮਨਦੀਪ ਸਿੰਘ ਲਖਣਾ ਤਪਾ, ਦਲਜੀਤ ਸਿੰਘ ਸ਼ਕਰੀ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਦੇ ਬਜਟ ਵਿੱਚ ਦਲਿਤ ਭਾਈਚਾਰੇ ਦੀ ਅਣਦੇਖੀ ਕਰਦਿਆਂ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਅਕ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਅਤੇ ਸੁਰੱਖਿਆ ਤੋਂ ਆਪਣਾ ਮੂੰਹ ਫੇਰ ਲਿਆ ਹੈ| ਜਥੇਬੰਦੀਆਂ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਵਿਕਾਸ ਫੰਡ ਕਾਨੂੰਨ ਤੌਰ ’ਤੇ ਰਾਸ਼ਟਰੀ ਅਤੇ ਰਾਜ ਪੱਧਰ ’ਤੇ ਬਣਾਇਆ ਜਾਵੇ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਬਜਟ ਦੀ ਵਿਵਸਥਾ ਯਕੀਨੀ ਬਣਾਈ ਜਾਵੇ ਤੇ ਅਨੁਸੂਚਿਤ ਜਾਤੀ ਭਲਾਈ ਲਈ ਇੱਕ ਸਮਰਪਿਤ ਮੰਤਰਾਲੇ ਦੀ ਸਥਾਪਨਾ ਕੀਤੀ ਜਾਵੇ ਆਦਿ|