ਰੇਹੜੀ-ਫੜ੍ਹੀ ਵਾਲਿਆਂ ਦੇ ਉਜਾੜੇ ਵਿਰੁੱਧ ਸੀਟੂ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ
ਸੰਤੋਖ ਗਿੱਲ
ਰਾਏਕੋਟ, 26 ਜੁਲਾਈ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਆਗੂਆਂ ਨੇ ਅੱਜ ਨਗਰ ਕੌਂਸਲ ਰਾਏਕੋਟ ਦੇ ਦਫ਼ਤਰ ਸਾਹਮਣੇ ਧਰਨਾ ਲਾ ਕੇ ਦੋਸ਼ ਲਾਇਆ ਕਿ ਰੇਹੜੀ ਫੜ੍ਹੀ ਵਾਲੇ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਨਫ਼ਰਤੀ ਮੁਹਿੰਮ ਤਹਿਤ ਉਨ੍ਹਾਂ ਦਾ ਰੁਜ਼ਗਾਰ ਖੋਹਣ ਲਈ ਕੁਝ ਲੋਕ ਯਤਨਸ਼ੀਲ ਹਨ। ਸੀਟੂ ਦੇ ਸੂਬਾ ਸਕੱਤਰ ਅਤੇ ਭਾਰਤ ਨਿਰਮਾਣ ਮਿਸਤਰੀ-ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਕਈ ਦੁਕਾਨਦਾਰ ਆਪਣੀ ਦੁਕਾਨ ਸਾਹਮਣੇ ਰੇਹੜੀ ਲਾਉਣ ਵਾਲੇ ਪਰਵਾਸੀ ਮਜ਼ਦੂਰਾਂ ਤੋਂ ਰੋਜ਼ਾਨਾ ਅਧਾਰ ‘ਤੇ ਪੈਸਾ ਵਸੂਲਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਲੀਆ ਵਿਵਾਦਿਤ ਰੇਹੜੀ ਦੇ ਮਾਮਲੇ ਵਿੱਚ ਵੀ ਪਿਛਲੇ ਕਰੀਬ 15-20 ਸਾਲ ਤੋਂ ਪਰਵਾਸੀ ਮਜ਼ਦੂਰ ਰੇਹੜੀ ਲਾਉਣ ਬਦਲੇ ਰੋਜ਼ਾਨਾ ਪੈਸੇ ਵੀ ਦਿੰਦਾ ਆ ਰਿਹਾ ਹੈ ਅਤੇ ਮੁਫ਼ਤ ਵਿੱਚ ਰੋਜ਼ਾਨਾ ਫਲ਼ ਵੀ ਦੁਕਾਨਦਾਰ ਨੂੰ ਦਿੰਦਾ ਸੀ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਨਗਰ ਕੌਂਸਲ ਅਧਿਕਾਰੀ ਰੇਹੜੀ-ਫੜੀ ਵਾਲਿਆਂ ਤੋਂ ਨਿਰਧਾਰਿਤ ਫ਼ੀਸ ਵੀ ਵਸੂਲਦੇ ਹਨ ਪਰ ਬਦਲੇ ਵਿੱਚ ਸ਼ਹਿਰ ਵਿੱਚ ਰੇਹੜੀ ਫੜ੍ਹੀ ਵਾਲਿਆਂ ਲਈ ਕਿਸੇ ਢੁਕਵੀਂ ਥਾਂ ਦਾ ਇੰਤਜ਼ਾਮ ਵੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਆਏ ਦਨਿ ਲੜਾਈ ਝਗੜੇ ਵੀ ਹੁੰਦੇ ਹਨ। ਸੀਟੂ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਵੀ ਦੋਸ਼ ਲਾਇਆ ਨਗਰ ਕੌਂਸਲ ਅਧਿਕਾਰੀਆਂ, ਮਾਲ ਅਧਿਕਾਰੀਆਂ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਹਿਰ ਵਿੱਚ ਫ਼ਰਜ਼ੀ ਐਨ.ਓ.ਸੀ ਦਾ ਕਾਰੋਬਾਰ ਧੜੱਲੇ ਨਾਲ ਚੱਲਦਾ ਰਿਹਾ ਹੈ ਅਤੇ ਲੱਖਾਂ-ਕਰੋੜਾਂ ਦੀ ਖੇਡ ਦਨਿ-ਦਿਹਾੜੇ ਚੱਲਦੀ ਰਹੀ ਹੈ, ਪਰ ਜਾਂਚ ਦੇ ਨਾਂ ਹੇਠ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਸਬੰਧ ਵਿੱਚ ਥਾਣਾ ਸ਼ਹਿਰੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਉੱਧਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਦੋ ਮਹੀਨੇ ਦੇ ਅੰਦਰ ਰੇਹੜੀ-ਫੜ੍ਹੀ ਵਾਲਿਆਂ ਲਈ ਢੁਕਵੀਂ ਥਾਂ ਦੇ ਦਿੱਤੀ ਜਾਵੇਗੀ ਅਤੇ ਉਸ ਸਮੇਂ ਤੱਕ ਦੋਵੇਂ ਧਿਰਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਅਪੀਲ ਕੀਤੀ ਗਈ ਹੈ। ਫ਼ਰਜ਼ੀ ਐਨ.ਓ.ਸੀ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਥਾਣਾ ਸ਼ਹਿਰੀ ਪੁਲੀਸ ਨੂੰ ਸ਼ਿਕਾਇਤ ਭੇਜੀ ਜਾ ਚੁੱਕੀ ਹੈ ਅਤੇ ਹੁਣ ਇਸ ਬਾਰੇ ਪੁਲੀਸ ਨੂੰ ਯਾਦ-ਪੱਤਰ ਵੀ ਭੇਜਿਆ ਜਾਵੇਗਾ। ਮਜ਼ਦੂਰ ਆਗੂਆਂ ਨੇ ਥਾਣਾ ਸ਼ਹਿਰੀ ਤੱਕ ਰੋਸ ਪ੍ਰਦਰਸ਼ਨ ਵੀ ਕੀਤਾ।