ਬੱਸ ਅਪਰੇਟਰਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਹਤਿੰਦਰ ਸਿੰਘ ਮਹਤਿਾ
ਜਲੰਧਰ, 2 ਨਵੰਬਰ
ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਬੰਦ ਹੋਣ ਦੇ ਕਗਾਰ ’ਤੇ ਪੁੱਜੀਆਂ ਵੱਖ-ਵੱਖ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਅਤੇ ਵਰਕਰਾਂ ਵੱਲੋਂ ਰੋਸ ਵੱਜੋਂ ਪੰਜਾਬ ਮੋਟਰ ਯੂਨੀਅਨ ਦੇ ਸੱਦੇ ਤਹਤਿ ਦਿੱਤੇ ਕਾਲੀ ਦੀਵਾਲੀ ਮਨਾਉਣ ਦੇ ਸੱਦੇ ਨੂੰ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਹੈ। ਪੰਜਾਬ ਮੋਟਰ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਦੇ ਇਕੱਠੇ ਹੋਏ ਵੱਖ -ਵੱਖ ਬੱਸ ਅਪਰੇਟਰਾਂ ਨੇ ਅੱਜ ਜਿੱਥੇ ਬੱਸਾਂ ਉੱਪਰ ਕਾਲੇ ਝੰਡੇ ਲਹਿਰਾਏ, ਉਥੇ ਸਰਕਾਰ ਦੀਆਂ ਵਪਾਰ ਮਾਰੂ ਨੀਤੀਆਂ ਕਾਰਨ ਨਿੱਜੀ ਬੱਸ ਅਦਾਰੇ ਬੰਦ ਹੋਣ ਕੰਢੇ, ਅਦਾਰੇ ਨਾਲ ਜੁੜੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਹੋਣ ਤੋਂ ਬਚਾਓ, ਸਾਡੇ ਲਈ ਇਹ ਦਿਵਾਲੀ ਕਾਲੀ, ਮੁੱਖ ਮੰਤਰੀ ਸਾਹਿਬ ਇੱਕ ਡੁੱਬ ਰਹੇ ਅਦਾਰੇ ਵੱਲ ਧਿਆਨ ਦਿਓ ਆਦਿ ਫਲੈਕਸਾ ਬੱਸਾਂ ਉੱਪਰ ਚਿਪਕਾਈਆਂ ਗਈਆਂ। ਪੰਜਾਬ ਮੋਟਰ ਯੂਨੀਅਨ ਦੇ ਆਗੂ ਸੰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਪਿਛਲੇ ਡੇਢ ਸਾਲ ਤੋਂ ਸਰਕਾਰ ਕੋਲ ਪੰਜਾਬ ਦੀ ਜਨਤਾ ਦੀ ਗੱਲ ਸੁਣਨ ਦਾ ਅਤੇ ਡੁੱਬ ਰਹੀ ਬੱਸ ਇੰਡਸਟਰੀ ਨੂੰ ਮਿਲਣ ਦਾ ਸਮਾਂ ਨਹੀਂ ਹੈ। ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਸਰਕਾਰ ਸਾਡੀ ਯੂਨੀਅਨ ਦੀ ਗੱਲ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇਕ ਦੋ ਦਿਨ ਵਿਚ ਯੂਨੀਅਨ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਬੁਲਾ ਕੇ ਸਹਿਮਤੀ ਨਾਲ ਦੀਵਾਲੀ ਵਾਲੇ ਦਿਨ ਸਮੂਹ ਪ੍ਰਾਈਵੇਟ ਬੱਸਾਂ ਨੂੰ ਸਾਰੇ ਪੰਜਾਬ ਵਿੱਚ ਬੰਦ ਰੱਖ ਕੇ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਲਿਆ ਜਾਵੇਗਾ ਅਤੇ ਫੇਰ ਵੀ ਸਰਕਾਰ ਨੇ ਜੇ ਸਾਡੀ ਕੋਈ ਸਾਰ ਨਾ ਲਈ ਤਾਂ ਦੀਵਾਲੀ ਤੋਂ ਬਾਅਦ ਸੜਕ ਜਾਮ ਕਰਨ ਦਾ ਫ਼ੈਸਲਾ ਲਿਆ ਜਾਵੇਗਾ।
ਤਰਨ ਤਾਰਨ ’ਚ ਰੋਡਵੇਜ਼ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਧਾਰਨ ਕੀਤੀ ਹਠਧਰਮੀ ਖ਼ਿਲਾਫ਼ ਅੱਜ ਇਥੇ ਰੋਡਵੇਜ਼ ਦੀ ਵਰਕਸ਼ਾਪ ਸਾਹਮਣੇ ਇਕ ਗੇਟ ਰੈਲੀ ਕੀਤੀ। ਇਸ ਮੌਕੇ ਜਥੇਬੰਦੀ ਦੇ ਡਿੱਪੂ ਪ੍ਰਧਾਨ ਸਤਨਾਮ ਸਿੰਘ ਤੁੜ ਅਤੇ ਸਕੱਤਰ ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ ਕੀਤੇ ਵਾਅਦਿਆਂ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਨਵੀਆਂ ਬੱਸਾਂ ਪਾਉਣ, ਨਵੇਂ ਪਰਮਿਟ ਚੁੱਕਣ, ਟਾਈਮਟੇਬਲ ਬਣਾਉਣ, ਤਨਖ਼ਾਹਾਂ ਪੂਰੀਆਂ ਦੇਣ ਆਦਿ ਤੋਂ ਭੱਜ ਚੁੱਕੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਅਫ਼ਸਰਸ਼ਾਹੀ ਦੀਆਂ ਨਾਲਾਇਕੀਆਂ ਕਾਰਨ ਵਿਭਾਗ ਹੁਣ ਵੀ ਘਾਟੇ ਵੱਲ ਜਾ ਰਿਹਾ ਹੈ ਠੇਕੇਦਾਰਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਰਤੀਆਂ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਮੁਲਾਜ਼ਮ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ।