ਭਾਜਪਾ ਵੱਲੋਂ ਸੋਨੀਆ ਗਾਂਧੀ ਦੀ ਰਿਹਾਇਸ਼ ਨੇੜੇ ਮੁਜ਼ਾਹਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਸਤੰਬਰ
ਦਿੱਲੀ ਭਾਜਪਾ ਸਿੱਖ ਸੈੱਲ ਨੇ ਅੱਜ ਰਾਹੁਲ ਗਾਂਧੀ ਦੇ ਸਿੱਖਾਂ ਖ਼ਿਲਾਫ਼ ਦਿੱਤੇ ਬਿਆਨ ਸਬੰਧੀ ਸੋਨੀਆ ਗਾਂਧੀ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦੇ ਸਮੂਹ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। ਜਿਉਂ ਹੀ ਭਾਜਪਾ ਦੇ ਸਿੱਖ ਆਗੂ ਸ੍ਰੀਮਤੀ ਸੋਨੀਆ ਗਾਂਧੀ ਦੀ ਰਿਹਾਇਸ਼ ਵੱਲ ਵਧੇ ਤਾਂ ਰਾਹ ਵਿੱਚ ਹੀ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਅੱਗੇ ਨਹੀਂ ਵਧਣ ਦਿੱਤਾ। ਪ੍ਰਦਰਸ਼ਨਕਾਰੀ ਵੱਲੋਂ ਪੁਲੀਸ ਰੋਕਾਂ ਟੱਪਣ ਦੀ ਕੋਸ਼ਿਸ਼ ਵੀ ਪੁਲੀਸ ਦੇ ਜਵਾਨਾਂ ਨੇ ਪੂਰੀ ਨਹੀਂ ਹੋਣ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਗਾਂਧੀ ਪਰਿਵਾਰ ਤੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸਿੱਖਾਂ ਬਾਰੇ ਆਪਣੀ ਸੋਚ ਬਦਲਣ ਲਈ ਕਿਹਾ। ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਕੁਝ ਸਮੇਂ ਬਾਅਦ ਹਦਾਇਤਾਂ ਦੇਣ ਮਗਰੋਂ ਛੱਡ ਦਿੱਤਾ। ਰੋਸ ਮੁਜ਼ਾਹਰੇ ਵਿੱਚ ਦਿੱਲੀ ਭਾਜਪਾ ਦੇ ਸਾਰੇ ਸੈੱਲਾਂ ਦੇ ਇੰਚਾਰਜ ਅਸ਼ੋਕ ਠਾਕੁਰ, ਸਿੱਖ ਸੈੱਲ ਦੇ ਕਨਵੀਨਰ ਚਰਨਜੀਤ ਸਿੰਘ ਲਵਲੀ, ਸਿੱਖ ਸੈੱਲ ਦੇ ਇੰਚਾਰਜ ਤਰਵਿੰਦਰ ਸਿੰਘ, ਸਾਬਕਾ ਕਨਵੀਨਰ ਕੁਲਵਿੰਦਰ ਸਿੰਘ ਬੰਟੀ, ਸਹਿ-ਇੰਚਾਰਜ ਜਗਦੀਪ ਸਿੰਘ ਕੋਹਲੀ, ਆਰਪੀ ਸਿੰਘ ਸਣੇ ਸਿੱਖ ਕੌਮ ਦੇ ਸੈਂਕੜੇ ਲੋਕ ਹਾਜ਼ਰ ਸਨ।
ਚਰਨਜੀਤ ਸਿੰਘ ਲਵਲੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਛੋਟੀ ਮਾਨਸਿਕਤਾ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਦਿੱਤੇ ਉਨ੍ਹਾਂ ਦੇ ਬਿਆਨ ਕਾਰਨ ਸਿੱਖਾਂ ਦੇ ਮਨਾਂ ਵਿੱਚ ਰੋਸ ਹੈ। ਉਨ੍ਹਾਂ ਨੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਕਾ ਨੀਲਾ ਤਾਰਾ ਕਰਕੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਹੈ, 1984 ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੈ, ਜਿਸ ਨੂੰ ਇਹ ਦੇਸ਼ ਅਤੇ ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ ਅਤੇ ਨਾ ਹੀ ਮੁਆਫ਼ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੂਰੇ ਦੇਸ਼ ਦੇ ਸਿੱਖਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ।