ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਗਸਤ
ਦਿੱਲੀ ਪ੍ਰਦੇਸ਼ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਅੱਜ ਸੈਂਕੜੇ ਵਰਕਰਾਂ ਨੇ ਦਿੱਲੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਜਾਣਕਾਰੀ ਅਨੁਸਾਰ ਇਹ ਪ੍ਰਦਰਸ਼ਨ ਦਿੱਲੀ ਵਿਧਾਨ ਸਭਾ ਨੇੜੇ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਪ੍ਰਧਾਨ ਸਚਦੇਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਅਪਰਾਧੀਆਂ ਦਾ ਇੱਕ ਪੂਰਾ ਗਰੋਹ ਤਿਆਰ ਕੀਤਾ ਹੋਇਆ ਹੈ ਅਤੇ ਹਰ ਵਾਰ ਅਪਰਾਧਾਂ ਦੇ ਪਿੱਛੇ ਮਾਸਟਰ ਮਾਈਂਡ ਉਹੀ ਹੁੰਦਾ ਹੈ ਪਰ ਉਸ ਦੇ ਮੋਹਰੇ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕੇਜਰੀਵਾਲ ਦੇ ਦੋ ਵਿਧਾਇਕ ਜੇਲ੍ਹ ਦੇ ਅੰਦਰ ਹਨ ਅਤੇ ਜਲਦੀ ਹੀ ਤੀਜਾ ਵੀ ਜੇਲ੍ਹ ਦੇ ਅੰਦਰ ਹੋਵੇਗਾ। ਡਾ. ਹਰਸ਼ਵਰਧਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਮੰਗ ਕਰਨ ਵਾਲੇ ਕੇਜਰੀਵਾਲ ਨੇ 166 ਕਰੋੜ ਰੁਪਏ ਦਾ ਆਪਣਾ ਸ਼ੀਸ਼ਮਹਿਲ ਬਣਵਾਇਆ ਹੈ। ਮਨੋਜ ਤਿਵਾੜੀ ਨੇ ਕਿਹਾ ਕਿ ਹੁਣੇ ਹੀ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਨਰੇਸ਼ ਬਲਿਆਨ ਬਾਰੇ ਵਿਸਥਾਰਤ ਪੱਤਰ ਜਾਰੀ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਵਿਧਾਇਕ ਦੀ ਗ੍ਰਿਫਤਾਰੀ ਮੰਗੀ। ਰਮੇਸ਼ ਬਿਧੂੜੀ ਨੇ ਕਿਹਾ ਕਿ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਲਿਪਤ ਕੇਜਰੀਵਾਲ ਸਰਕਾਰ ਵਿੱਚ 10ਵੀਂ ਫੇਲ੍ਹ ਹੋਏ ਵਿਧਾਇਕ ਨਰੇਸ਼ ਬਾਲਿਆਣ ਵਰਗੇ ਲੋਕਾਂ ਕੋਲ ਕਥਿਤ ਤੌਰ ’ਤੇ 50 ਕਰੋੜ ਦੀ ਜਾਇਦਾਦ ਹੈ। ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਦਿੱਲੀ ਜਲ ਬੋਰਡ ਦੀਵਾਲੀਆ ਹੋ ਚੁੱਕਾ ਹੈ। ਵਿਧਾਨ ਸਭਾ ਵਿੱਚ ਹੀ ‘ਆਪ’ ਦੇ ਵਿਧਾਇਕ ਮੰਨ ਰਹੇ ਹਨ ਕਿ ਦਿੱਲੀ ਜਲ ਬੋਰਡ ਦਿੱਲੀ ਦੇ ਲੋਕਾਂ ਨੂੰ ਪਾਣੀ ਸਪਲਾਈ ਕਰਨ ਦੇ ਵੀ ਸਮਰੱਥ ਨਹੀਂ ਹੈ। ਵਿਜੇ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ ਅਤੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਸੱਤਾ ਦੀ ਦੁਰਵਰਤੋਂ ਕਰ ਰਹੀ ਹੈ ‘ਆਪ’: ਬਿਧੂੜੀ
ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਧੂੜੀ ਅਤੇ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਅਤੇ ਰਮੇਸ਼ ਬਿਧੂੜੀ ਨੇ ਅੱਜ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਸਿਆਸੀ ਪ੍ਰਚਾਰ ਲਈ ਸਰਕਾਰੀ ਅਸੈਂਬਲੀ ਅਜੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਲਿਆਨ ਅਤੇ ਸਾਂਗਵਾਨ ਦੇ ਸਬੰਧਾਂ ਬਾਰੇ ਸੀਬੀਆਈ ਨੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਗੈਂਗਸਟਰ ਕਪਿਲ ਸਾਂਗਵਾਨ ਦੇ ਸੰਪਰਕ ਵਿੱਚ ਹਨ। -ਪੱਤਰ ਪ੍ਰੇਰਕ