ਭਾਜਪਾ ਵੱਲੋਂ ਦਿੱਲੀ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
ਇੱਥੇ ਅੱਜ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸ਼ਹਿਰ ਦੇ ਸਭ ਤੋਂ ਪ੍ਰਦੂਸ਼ਿਤ ਖੇਤਰਾਂ ਆਨੰਦ ਵਿਹਾਰ ਅਤੇ ਆਈਟੀਓ ’ਤੇ ਚਿਹਰੇ ਦੇ ਮਾਸਕ ਵੰਡੇ, ਕਿਉਂਕਿ ਦਿੱਲੀ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੀ ਹੈ।
ਆਨੰਦ ਵਿਹਾਰ ਵਿੱਚ ਇੱਕ ਜਾਗਰੂਕਤਾ-ਕਮ-ਮਾਸਕ ਵੰਡਣ ਦੇ ਪ੍ਰੋਗਰਾਮ ਦੌਰਾਨ, ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਆਤਿਸ਼ੀ ਦੀ ਨਿੰਦਾ ਕਰਦੇ ਹੋਏ ਪ੍ਰਦੂਸ਼ਣ ਸੰਕਟ ਦਾ ਹੱਲ ਕਰਨ ਵਿੱਚ ਸਰਕਾਰ ਨੂੰ ਨਾਕਾਮ ਦੱਸਿਆ। ਸਚਦੇਵਾ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਆਪਣੇ ਸਾਹਾਂ ਲਈ ਸੰਘਰਸ਼ ਕਰ ਰਹੇ ਹਨ ਜਦੋਂਕਿ ਕੇਜਰੀਵਾਲ ਅਤੇ ਆਤਿਸ਼ੀ ਪੰਜਾਬ ਵਿੱਚ ‘ਆਪ’ ਸਰਕਾਰ ਦਾ ਬਚਾਅ ਕਰ ਰਹੇ ਹਨ, ਜਿੱਥੇ ਫਸਲਾਂ ਦੀ ਪਰਾਲੀ ਸਾੜਨ ਨਾਲ ਕੌਮੀ ਰਾਜਧਾਨੀ ਦਾ ਦਮ ਘੁਟ ਰਿਹਾ ਹੈ। ਖਰਾਬ ਸੜਕਾਂ ਅਤੇ ਧੂੜ ਦੇ ਪ੍ਰਦੂਸ਼ਣ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।
ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਆਈਟੀਓ ਵਿੱਚ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਦਿੱਲੀ ਦੀ ‘ਆਪ’ ਸਰਕਾਰ ਸ਼ਹਿਰ ਵਿੱਚ ਲਗਾਤਾਰ ਖਤਰਨਾਕ ਹਵਾ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਵਿੱਚ ਅਸਫ਼ਲ ਰਹੀ ਹੈ। ਗੋਇਲ ਨੇ ਸਵਾਲ ਕੀਤਾ ਕਿ ਦਿੱਲੀ ਦੇ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਕੇਜਰੀਵਾਲ ਨੂੰ ਹੋਰ ਕਿੰਨੇ ਸਾਲ ਲੱਗਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 10 ਸਾਲਾਂ ਵਿੱਚ ‘ਆਪ’ ਸਰਕਾਰ ਨੇ ਸਰਦੀਆਂ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ਨਾਲ ਨਜਿੱਠਣ ਦੀ ਥਾਂ ਬਿਆਨਬਾਜ਼ੀ ਨਾਲ ਹੀ ਡੰਗ ਟਪਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਪ੍ਰਦੂਸ਼ਣ ਤੋਂ ਬਹੁਤ ਤੰਗ ਹਨ। ਹੁਣ ਰਾਜਧਾਨੀ ਵਿਚ ਰਹਿਣਾ ਉਨ੍ਹਾਂ ਲਈ ਮੁਹਾਲ ਹੋ ਗਿਆ ਹੈ।