ਭਾਜਪਾ ਕਾਰਕੁਨਾਂ ਵੱਲੋਂ ਘਨੌਰ ਥਾਣੇ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਘਨੌਰ, 11 ਦਸੰਬਰ
ਭਾਜਪਾ ਵੱਲੋਂ ਨਗਰ ਪੰੰਚਾਇਤ ਘਨੌਰ ਦੀ ਵਾਰਡ ਨੰਬਰ-2 ਲਈ ਇੱਕ ਦਿਨ ਪਹਿਲਾਂ ਹੀ ਉਮੀਦਵਾਰ ਐਲਾਨੇ ਗੌਤਮ ਸੂਦ ਨੂੰ ਅੱੱਜ ਤੜਕੇ ਹੀ ਪੁਲੀਸ ਵੱੱਲੋਂ ਚੁੱਕ ਲਿਆ ਗਿਆ। ਉਸ ਨੂੰ ਛੁਡਾਉਣ ਲਈ ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਘਨੌਰ ਥਾਣੇ ਅੱਗੇ ਧਰਨਾ ਲਾ ਦਿੱਤਾ। ਪੁਲੀਸ ’ਤੇ ਸਰਕਾਰ ਵਿਰੋਧੀ ਧਿਰਾਂ ਨਾਲ਼ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਗ਼ੈਰ-ਭਾਜਪਾ ਆਗੂਆਂ ਨੇ ਵੀ ਧਰਨੇ ’ਚ ਸ਼ਿਰਕਤ ਕੀਤੀ। ਅੱਜ ਪਟਿਆਲਾ ਫੇਰੀ ’ਤੇ ਆਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਵੀ ਥਾਣੇ ਅੱਗੇ ਪੁੱਜੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੌਤਮ ਸੂਦ ਖ਼ਿਲਾਫ਼ ਕੱਲ੍ਹ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਕੋਲ਼ੋਂ ਬਟੂਆ ਖੋਹਣ ਸਬੰਧੀ ਕੇਸ ਦਰਜ ਹੈ। ਉਸ ਨੂੰ ਹੁਣ ਜ਼ਮਾਨਤ ਮਿਲਣ ’ਤੇ ਹੀ ਛੱਡਿਆ ਜਾ ਸਕੇਗਾ।
ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਕਿਹਾ ਕਿ ਗੌਤਮ ਸੂਦ ਦੀ ਜਿੱਤ ਨੂੰ ਯਕੀਨੀ ਦੇਖਦਿਆਂ ਸੱਤਾਧਾਰੀ ਧਿਰ ਡਰ ਗਈ ਤੇ ਵਿਧਾਇਕ ਦੇ ਇਸ਼ਾਰੇ ’ਤੇ ਘਨੌਰ ਪੁਲੀਸ ਨੇ ਉਸ ਨੂੰ ਤੜਕੇ ਹੀ ਘਰੋਂ ਚੁੱਕ ਲਿਆ। ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਤੇ ਚੋਣ ਇੰਚਾਰਜ ਸੁਖਵਿੰਦਰ ਗੋਲਡੀ ਮੁਹਾਲੀ ਸਣੇ ਕਈ ਹੋਰ ਭਾਜਪਾ ਆਗੂ ਇੱਥੇ ਪੁੱਜ ਗਏ। ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਤੇ ਜਸਮੇਰ ਸਿੰਘ ਲਾਛੜੂ ਸਣੇ ਹੋਰਨਾਂ ਪਾਰਟੀਆਂ ਦੇ ਕਈ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇੱਥੇ ਸ਼ਾਮ ਸਮੇਂ ਪੁੱਜੇ ਮੰਤਰੀ ਬਿੱਟੂ, ਸ੍ਰੀ ਗਰੇਵਾਲ ਤੇ ਸ੍ਰੀ ਸ਼ਰਮਾ ਨੇ ਪਹਿਲਾਂ ਧਰਨਾਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਘਨੌਰ ਦੇ ਡੀਐੱਸਪੀ ਹਰਮਨਪ੍ਰੀਤ ਚੀਮਾ ਅਤੇ ਐੱਸਐੱਚਓ ਸਾਹਿਬ ਸਿੰਘ ਵਿਰਕ ਕੋਲ਼ੋਂ ਭਾਜਪਾ ਉਮੀਦਵਾਰ ਦੀ ਗ੍ਰਿਫ਼ਤਾਰੀ ਦਾ ਕਾਰਨ ਜਾਣਿਆ। ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਕਿ 10 ਦਸੰਬਰ ਦੀ ਸ਼ਾਮ ਨੂੰ ਗੌਤਮ ਦਾ ਇੱਥੋਂ ਦੇ ਹੀ ਰਵੀ ਕੁਮਾਰ ਲਾਲ ਝਗੜਾ ਹੋਇਆ ਸੀ। ਇਸ ਦੌਰਾਨ ਗੌਤਮ ਨੇ ਰਵੀ ਦੀ ਕੁੱਟਮਾਰ ਕਰਦਿਆਂ ਕਥਿਤ ਤੌਰ ’ਤੇ ਉਸ ਦਾ ਬਟੂਆ ਵੀ ਖੋਹ ਲਿਆ ਸੀ। ਇਸ ਕਰ ਕੇ ਉਸ ਖ਼ਿਲਾਫ਼ ਲੜਾਈ ਝਗੜੇ ਸਣੇ ਪਰਸ ਖੋਹਣ ’ਤੇ ਆਧਾਰਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਗਰੋਂ ਮੰਤਰੀ ਸਣੇ ਬਾਕੀ ਧਰਨਾਕਾਰੀ ਘਰਾਂ ਨੂੰ ਚਲੇ ਗਏ।