ਆਸ਼ਾ ਵਰਕਰਾਂ ਵੱਲੋਂ ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਦਿੱਲੀ ਆਸ਼ਾ ਵਰਕਰਜ਼ ਐਸੋਸੀਏਸ਼ਨ (ਦਾਵਾ ਯੂਨੀਅਨ) ਵੱਲੋਂ ਐਲਾਨੀ ਆਸ਼ਾ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਉਨ੍ਹਾਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਆਸ਼ਾ ਵਰਕਰਾਂ ਅੱਜ ਪੂਰੇ ਜੋਸ਼ ਨਾਲ ਹੜਤਾਲ ਵਿੱਚ ਸ਼ਾਮਲ ਹੋਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਦਾਵਾ ਦੀ ਸਕੱਤਰ ਊਸ਼ਾ ਠਾਕੁਰ, ਪ੍ਰਧਾਨ ਸੋਨੂੰ ਅਤੇ ਕਾਰਜਕਾਰੀ ਪ੍ਰਧਾਨ ਸਿੱਖਿਆ ਨੇ ਕਿਹਾ ਕਿ ਸਾਡੀਆਂ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਨ ਤੇ 19 ਜੁਲਾਈ ਨੂੰ ਆਪਣਾ ਮੰਗ ਪੱਤਰ ਦਿੱਤਾ ਸੀ| ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਤੱਕ ਪਹੁੰਚ ਕੀਤੀ ਪਰ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਣਮਿੱਥੇ ਸਮੇਂ ਦੀ ਹੜਤਾਲ ਦਾ ਫੈਸਲਾ ਲੈਣ ਲਈ ਮਜਬੂਰ ਹੋ ਗਏ ਹਾਂ ਅਤੇ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਬੈਠ ਗਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਦਾਵਾ ਯੂਨੀਅਨ ਦੀ ਸਲਾਹਕਾਰ ਪ੍ਰਕਾਸ਼ ਦੇਵੀ ਨੇ ਕਿਹਾ ਕਿ ਆਸ਼ਾ ਵਰਕਰਾਂ ਦਿਨ-ਰਾਤ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਆਸ਼ਾ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ।
ਯਮੁਨਾਨਗਰ (ਪੱਤਰ ਪ੍ਰੇਰਕ): ਆਸ਼ਾ ਵਰਕਰਾਂ ਦੀ ਹੜਤਾਲ ਅੱਜ 22ਵੇਂ ਦਿਨ ਵਿੱਚ ਦਾਖਲ ਹੋ ਗਈ। ਅੱਜ ਦੀ ਹੜਤਾਲ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਖਵਿੰਦਰ ਅਤੇ ਇੰਦੂ ਦੇਵੀ ਨੇ ਕੀਤੀ। ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਕੰਬੋਜ, ਰਿਟਾਇਰਡ ਇੰਪਲਾਈਜ਼ ਯੂਨੀਅਨ ਬਲਾਕ ਯਮੁਨਾਨਗਰ ਦੇ ਪ੍ਰਧਾਨ ਰਾਜਵੀਰ ਪੰਡੋਰਾ ਅਤੇ ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ਼, ਕਿਸਾਨ ਸਭਾ ਤੋ ਇਲਾਵਾ ਸੇਵਾਮੁਕਤ ਮੁਲਾਜ਼ਮ ਯੂਨੀਅਨ ਤੋਂ ਯਸ਼ਪਾਲ, ਅਧਿਆਪਕ ਸੰਘ ਦੇ ਪ੍ਰਧਾਨ ਸੁਰਿੰਦਰ ਸੈਣੀ, ਆਂਗਣਵਾੜੀ ਮੁਖੀ ਸੁਨੀਤਾ, ਸੀਟੂ ਦੇ ਆਗੂ ਵਿਨੋਦ ਕੁਮਾਰ ਤਿਆਗੀ, ਸੇਵਾਮੁਕਤ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜੋਤ ਸਿੰਘ, ਆਂਗਣਵਾੜੀ ਕੈਸ਼ੀਅਰ ਰੋਸ਼ਨ ਲਾਲ ਅਤੇ ਜ਼ਿਲਾ ਪ੍ਰਧਾਨ ਨੀਰੂ ਬਾਲਾ ਨੇ ਹੜਤਾਲ ਵਿੱਚ ਆਸ਼ਾ ਵਰਕਰਾਂ ਦਾ ਸਾਥ ਦਿੱਤਾ । ਕੈਸ਼ੀਅਰ ਕਰਮਜੀਤ ਅਤੇ ਜ਼ਿਲ੍ਹਾ ਸਕੱਤਰ ਰਾਜੇਸ਼ ਕੁਮਾਰੀ ਨੇ ਆਪਣੇ ਸਾਂਝੇ ਬਿਆਨ ਵਿੱਚ ਸਰਕਾਰ ਦੇ ਮਾੜੇ ਰਵੱਈਏ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਮਜ਼ਦੂਰ ਵਰਗ ਵੱਲੋਂ ਇਸ ਦਾ ਜਵਾਬ ਆਉਣ ਵਾਲੇ ਚੌਣਾਂ ਦੇ ਸਮੇਂ ਵਿੱਚ ਸਰਕਾਰ ਨੂੰ ਦਿੱਤਾ ਜਾਵੇਗਾ । ਆਸ਼ਾ ਵਰਕਰਾਂ ਨੇ ਅਨਾਜ ਮੰਡੀ ਜਗਾਧਰੀ ਤੋਂ ਘਨ੍ਹਈਆ ਚੌਕ ਤੱਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕੀਤਾ।