ਰਾਜਿੰਦਰ ਨਗਰ ਘਟਨਾ ਸਬੰਧੀ ‘ਆਪ’ ਅਤੇ ਭਾਜਪਾ ਵੱਲੋਂ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜੁਲਾਈ
ਰਾਜਿੰਦਰ ਨਗਰ ਦੀ ਇੱਕ ਬੇਸਮੈਂਟ ਵਿੱਚ ਬੀਤੇ ਦਿਨੀਂ ਤਿੰਨ ਆਈਏਐੱਸ ਪ੍ਰੀਖਿਆਰਥੀਆਂ ਦੀ ਜਾਨ ਜਾਣ ਮਗਰੋਂ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਭਾਜਪਾ ਵੱਲੋਂ ਪ੍ਰਦਰਸ਼ਨ ਕੀਤੇ ਗਏ।
ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਈ ਵਿਧਾਇਕ ਉਪ ਰਾਜਪਾਲ ਦੀ ਰਿਹਾਇਸ਼ ਨੇੜੇ ਇਕੱਠੇ ਹੋਏ ਅਤੇ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਨਗਰ ਨਿਗਮ ਕਮਿਸ਼ਨਰ ਨੂੰ ਮੁਅੱਤਲ ਕਰੋ’ ਦੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਡਰੇਨਾਂ ਅਤੇ ਨਾਲੀਆਂ ਸਾਫ਼ ਕਰਨ ਲਈ ਹਰ ਸਾਲ ਹੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬੀਤੇ ਦਿਨੀਂ ਵੱਡਾ ਹਾਦਸਾ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜਦੋਂ ਮੀਂਹ ਪੈਂਦਾ ਹੈ ਤਾਂ ਸੜਕਾਂ ਜਲ-ਥਲ ਹੋ ਜਾਂਦੀਆਂ ਹਨ। ਇਸ ਪ੍ਰਦਰਸ਼ਨ ਵਿੱਚ ਐੱਮਸੀਡੀ ਦੇ ‘ਆਪ’ ਦੇ ਕਈ ਕੌਂਸਲਰ ਅਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ।
ਇਸੇ ਦੌਰਾਨ ਵਿਰੋਧੀ ਧਿਰ ਭਾਜਪਾ ਨੇ ਅੱਜ ਦਿੱਲੀ ਵਿੱਚ ਰਾਜਿੰਦਰ ਨਗਰ ਦੀ ਘਟਨਾ ਸਬੰਧੀ ‘ਆਪ’ ਦਫ਼ਤਰ ਅੱਗੇ ਕੇਜਰੀਵਾਲ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਕੇਜਰੀਵਾਲ ਸਰਕਾਰ ਨੂੰ ਭੰਡਿਆ ਅਤੇ ਦਿੱਲੀ ਦੀ ਐੱਮਸੀਡੀ ਮੇਅਰ ਡਾ. ਸ਼ੈਲੀ ਓਬਰਾਏ ਦੇ ਅਸਤੀਫੇ ਦੀ ਮੰਗ ਕੀਤੀ।
ਭਾਜਪਾ ਨੇ ਦਿੱਲੀ ਸਰਕਾਰ, ਨਗਰ ਨਿਗਮ ਅਤੇ ਰਾਜਿੰਦਰ ਨਗਰ ਦੇ ਵਿਧਾਇਕ ਦੁਰਗੇਸ਼ ਪਾਠਕ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਪਾਠਕ ਦੇ ਅਸਤੀਫੇ ਦੀ ਮੰਗ ਵੀ ਕੀਤੀ।
ਉਪ ਰਾਜਪਾਲ ਵੱਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ
ਨਵੀਂ ਦਿੱਲੀ:
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਇੱਥੇ ਪੁਰਾਣੇ ਰਾਜਿੰਦਰਾ ਨਗਰ ਵਿੱਚ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਮਰਨ ਵਾਲੇ ਤਿੰਨ ਪ੍ਰੀਖਿਆਰਥੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਰਾਜ ਨਿਵਾਸ ਦੇ ਇੱਕ ਬਿਆਨ ਅਨੁਸਾਰ ਘਟਨਾ ਸਬੰਧੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਮਗਰੋਂ ਉਪ ਰਾਜਪਾਲ ਨੇ 24 ਘੰਟਿਆਂ ਦੇ ਅੰਦਰ ਦਿੱਲੀ ਫਾਇਰ ਸਰਵਿਸਿਜ਼ (ਡੀਐੱਫਐੱਸ), ਪੁਲੀਸ ਅਤੇ ਦਿੱਲੀ ਨਗਰ ਨਿਗਰ (ਐੱਮਸੀਡੀ) ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। -ਪੀਟੀਆਈ