ਬਿਜਲੀ ਬਿੱਲਾਂ ਦੀ ਵਸੂਲੀ ਖ਼ਿਲਾਫ਼ ਮਜ਼ਦੂਰਾਂ ’ਚ ਰੋਸ
ਪੱਤਰ ਪ੍ਰੇਰਕ
ਕਰਤਾਰਪੁਰ, 27 ਸਤੰਬਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਵੱਲੋਂ ਐੱਸਡੀਓ ਪਾਵਰਕੌਮ ਸਬ-ਡਵਿੀਜ਼ਨ ਕਰਤਾਰਪੁਰ-1 ਨੂੰ ਮੰਗ ਪੱਤਰ ਦੇ ਕੇ ਲਗਾਏ ਗਏ ਚਿੱਪ ਵਾਲੇ ਮੀਟਰ ਉਤਾਰਨ ਦੀ ਮੰਗ ਕੀਤੀ।
ਮਜ਼ਦੂਰ ਆਗੂਆਂ ਨੇ ਘਰੇਲੂ ਬਿਜਲੀ ਮੁਆਫ਼ੀ ਦੇ ਬਾਵਜੂਦ ਬਿੱਲਾਂ ਦੀ ਕਥਿਤ ਵਸੂਲੀ ਲਈ ਕੁਨੈਕਸ਼ਨ ਕੱਟਣ ਦਾ ਵਿਰੋਧ ਕੀਤਾ। ਉਨ੍ਹਾਂ ਬਿਜਲੀ ਦੇ ਕੱਟੇ ਕੁਨੈਕਸ਼ਨ ਤੁਰੰਤ ਬਹਾਲ ਕਰਨ ਦੀ ਵੀ ਮੰਗ ਕੀਤੀ।
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨਾਲ 30 ਅਗਸਤ ਨੂੰ ਪੰਜਾਬ ਸਕੱਤਰੇਤ ਵੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਐੱਸਸੀ/ਬੀਸੀ, ਬੀਪੀਐੱਲ ਪਰਿਵਾਰਾਂ ਨੂੰ ਸੰਘਰਸ਼ ਸਦਕਾ ਪ੍ਰਾਪਤ ਹੋਈ ਘਰੇਲੂ ਬਿਜਲੀ ਬਿੱਲ ਮੁਆਫ਼ੀ ਦੀ ਸਹੂਲਤ ਕੱਟਣ ਦਾ ਤਿੱਖਾ ਵਿਰੋਧ ਕਰਦਿਆਂ 20 ਲੱਖ ਪਰਿਵਾਰਾਂ ਤੋਂ ਮੁੜ ਸਵੈ-ਘੋਸ਼ਣਾ ਪੱਤਰ ਤੇ ਜਾਤੀ ਪ੍ਰਮਾਣ ਪੱਤਰ ਮੰਗਣ ਦੀ ਥਾਂ ਪਹਿਲੇ ਰਿਕਾਰਡ ਅਨੁਸਾਰ ਬਿੱਲ ਮੁਆਫ਼ੀ ਦੀ ਸਹੂਲਤ ਜਾਰੀ ਰੱਖਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਬਕਾਏ ਬਿੱਲ ਮੁਆਫ਼ ਕੀਤੇ ਜਾਣ ਅਤੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ ਅਤੇ ਜਬਰੀ ਬਿੱਲ ਉਗਰਾਹੁਣ ਦੀ ਕਾਰਵਾਈ ਬੰਦ ਕੀਤੀ ਜਾਵੇ। ਇਸ ਮੌਕੇ ਪਾਵਰਕੌਮ ਦੇ ਐੱਸਡੀਓ ਨੇ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਯੂਨੀਅਨ ਨੇ ਮੰਗਾਂ ’ਤੇ ਅਮਲ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਯੂਨੀਅਨ ਦੇ ਤਹਿਸੀਲ ਆਗੂ ਕੇ ਐੱਸ ਅਟਵਾਲ, ਰੋਜ਼ੀ ਪਾੜਾ ਪਿੰਡ, ਰਜਨੀ ਅਤੇ ਰਾਜ ਆਦਿ ਸਮੇਤ ਕਈ ਵਰਕਰ ਹਾਜ਼ਰ ਸਨ।