For the best experience, open
https://m.punjabitribuneonline.com
on your mobile browser.
Advertisement

ਕੰਢੀ ਨਹਿਰ ਦਾ ਪਾਣੀ ਕਾਗਜ਼ ਮਿੱਲ ਨੂੰ ਦੇਣ ’ਤੇ ਕਿਸਾਨਾਂ ਵਿੱਚ ਰੋਸ

05:55 AM Jul 10, 2024 IST
ਕੰਢੀ ਨਹਿਰ ਦਾ ਪਾਣੀ ਕਾਗਜ਼ ਮਿੱਲ ਨੂੰ ਦੇਣ ’ਤੇ ਕਿਸਾਨਾਂ ਵਿੱਚ ਰੋਸ
ਪੇਪਰ ਮਿੱਲ ਨੂੰ ਪਾਣੀ ਦੇਣ ਸਬੰਧੀ ਰੱਖੇ ਵੱਡੇ ਮੋਘਿਆਂ ਬਾਰੇ ਦੱਸਦੇ ਹੋਏ ਕਿਸਾਨ।
Advertisement

ਜੰਗ ਬਹਾਦਰ ਸਿੰਘ ਸੇਖੋ
ਗੜ੍ਹਸ਼ੰਕਰ, 9 ਜੁਲਾਈ
ਇੱਥੇ ਕੰਢੀ ਨਹਿਰ ਦਾ ਪਾਣੀ ਕਿਸਾਨਾਂ ਨੂੰ ਦੇਣ ਦੀ ਥਾਂ ਸੈਲਾ ਖੁਰਦ ਸਥਿਤ ਕਾਗਜ਼ ਮਿੱਲ ਨੂੰ ਭੇਜਣ ਕਾਰਨ ਕਸਬਾ ਸੈਲਾ ਖੁਰਦ ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਦੂਜੇ ਪਾਸੇ ਵਿਭਾਗ ਦੇ ਉੱਚ ਅਧਿਕਾਰੀ ਮਾਮਲੇ ਵਿੱਚ ਕੋਈ ਟਿੱਪਣੀ ਕਰਨ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਦੱਸ ਕੇ ਪੱਲਾ ਝਾੜ ਰਹੇ ਹਨ।
ਪਿੰਡ ਮੇਘੋਵਾਲ, ਮਹਿੰਗਰੋਵਾਲ ਅਤੇ ਜੀਵਨਪੁਰ ਜੱਟਾਂ ਦੇ ਕਿਸਾਨਾਂ ਨੇ ਕਿਹਾ ਕਿ ਉਕਤ ਪਿੰਡਾਂ ਦੀ ਜ਼ਮੀਨ ’ਚੋਂ ਲੰਘਦੀ ਇਸ ਨਹਿਰ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਕਿਉਂਕਿ ਵਿਭਾਗ ਵੱਲੋਂ ਇਸ ਨਹਿਰ ਦਾ ਪਾਣੀ ਸੈਲਾ ਖੁਰਦ ਵਿੱਚ ਸਥਿਤ ਕੁਆਂਟਮ ਕਾਗਜ਼ ਮਿੱਲ ਨੂੰ ਦਿੱਤਾ ਜਾ ਰਿਹਾ ਹੈ।
ਕਿਸਾਨ ਗੁਰਮੁਖ ਸਿੰਘ ਸੋਢੀ, ਯੁੱਧਵੀਰ ਸਿੰਘ, ਬਲਜਿੰਦਰ ਸਿੰਘ, ਤਰਲੋਚਨ ਸਿੰਘ, ਜਸਕਰਨ ਸਿੰਘ ਅਤੇ ਗੁਰਪਾਲ ਸਿੰਘ ਆਦਿ ਨੇ ਕਿਹਾ ਕਿ ਜਦੋਂ ਇਸ ਨਹਿਰ ਦੇ ਉਸਾਰੀ ਕਾਰਜ ਚੱਲ ਰਹੇ ਸਨ ਤਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਕੱਠੇ ਕਰਕੇ ਇਨ੍ਹਾਂ ਪਿੰਡਾਂ ਵਿੱਚ ਨਹਿਰ ਦੇ ਪਾਣੀ ਦੀ ਢੁਕਵੀਂ ਸਪਲਾਈ ਵਿਸ਼ੇਸ਼ ਪੰਪ ਸਥਾਪਤ ਕਰਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਪ੍ਰਬੰਧ ਕਰਨ ਦੀ ਥਾਂ ਵਿਭਾਗ ਨੇ ਨਹਿਰ ਦੇ ਪਾਣੀ ਦੀ ਸਪਲਾਈ ਲਈ ਕੁਆਂਟਮ ਪੇਪਰ ਮਿੱਲ ਤੱਕ ਵਿਸ਼ੇਸ਼ ਪਾਈਪਾਂ ਪਾ ਦਿੱਤੀਆਂ ਜਿਸ ਕਰਕੇ ਇਲਾਕੇ ਦੀ ਸੈਂਕੜੇ ਏਕੜ ਜ਼ਮੀਨ ਬੰਜਰ ਦੀ ਬੰਜਰ ਰਹਿ ਗਈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਝੂਠੇ ਦਾਅਵੇ ਕੀਤੇ ਹਨ ਜਦਕਿ ਹਕੀਕਤ ਵਿੱਚ ਇਸ ਨਹਿਰ ਦਾ ਨੇੜਲੇ ਖੇਤਾਂ ਨੂੰ ਵੀ ਕੋਈ ਲਾਭ ਨਹੀਂ ਮਿਲ ਰਿਹਾ।
ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰ ਦੇ ਨਜ਼ਦੀਕ ਪੈਂਦੇ ਖੇਤਾਂ ਵਿੱਚ ਵੀ ਵਿਭਾਗ ਨੇ ਕੋਈ ਮੋਘੇ ਨਹੀਂ ਰੱਖੇ ਅਤੇ ਨਹਿਰ ਦੀ ਜ਼ੱਦ ਕਰਕੇ ਇੱਥੇ ਸਿੰਜਾਈ ਲਈ ਸਰਕਾਰੀ ਟਿਊਬਵੈੱਲ ਵੀ ਨਹੀਂ ਲੱਗ ਸਕਦੇ ਜਿਸ ਕਰਕੇ ਇਹ ਨਹਿਰ ਵਰਦਾਨ ਦੀ ਥਾਂ ਲੋਕਾਂ ਲਈ ਸਰਾਪ ਬਣ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਪਿੰਡਾਂ ਵਿੱਚ ਪਾਣੀ ਦੀ ਸਪਲਾਈ ਲਈ ਵਿਸ਼ੇਸ਼ ਮੋਘੇ ਰੱਖੇ ਜਾਣ ਅਤੇ ਨਹਿਰ ਦਾ ਪਾਣੀ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਦਿਤਾ ਜਾਵੇ।

Advertisement

ਅਧਿਕਾਰੀਆਂ ਨੇ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸ ਕੇ ਟਿੱਪਣੀ ਕਰਨ ਤੋਂ ਪੱਲਾ ਝਾੜਿਆ

ਇਸ ਬਾਰੇ ਕੰਢੀ ਨਹਿਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਅਧਿਕਾਰੀਆਂ ਨੇ ਇਕ ਦੂਜੇ ਨੂੰ ਜ਼ਿੰਮੇਵਾਰ ਦੱਸ ਕੇ ਟਿਪਣੀ ਕਰਨ ਤੋਂ ਪੱਲਾ ਝਾੜਿਆ। ਐਕਸੀਅਨ ਵਿਸ਼ਵਪਾਲ ਨਾਲ ਕਿਹਾ ਕਿ ਇਹ ਖੇਤਰ ਐਕਸੀਅਨ ਰਮਨਦੀਪ ਸਿੰਘ ਅਧੀਨ ਪੈਂਦਾ ਹੈ ਅਤੇ ਇਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ। ਦੂਜੇ ਪਾਸੇ ਐਕਸੀਅਨ ਰਮਨਦੀਪ ਸਿੰਘ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਬਾਰੇ ਐਕਸੀਅਨ ਵਿਸ਼ਵਪਾਲ ਸਿੰਘ ਹੀ ਜਾਣਕਾਰੀ ਦੇਣ ਦੇ ਪਾਬੰਦ ਹਨ।

Advertisement

Advertisement
Author Image

sukhwinder singh

View all posts

Advertisement