ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਰੋਸ
ਦਵਿੰਦਰ ਸਿੰਘ ਭੰਗੂ
ਰਈਆ, 17 ਅਕਤੂਬਰ
ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖ਼ੁਆਰੀ ਹੋ ਰਹੀ ਹੈ। ਸਥਾਨਕ ਅਨਾਜ ਮੰਡੀ ਅਤੇ ਮਹਿਤਾ ਚੌਕ ਦਾਣਾ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਖ਼ਰੀਦ ਤੋਂ ਆਨਾਕਾਨੀ ਕੀਤੇ ਜਾਣ ਕਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨਾ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਜ਼ੋਨ ਮਹਿਤਾ ਦੇ ਪ੍ਰਧਾਨ ਸਵਰਨ ਸਿੰਘ ਉਦੋਨੰਗਲ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਦੋ ਘੰਟੇ ਤੋਂ ਵੱਧ ਚੱਲਿਆ ਤੇ ਪ੍ਰਸ਼ਾਸਨ ਵੱਲੋਂ ਗੱਲ ਨਾ ਸੁਣੇ ਜਾਣ ’ਤੇ ਗ਼ੁੱਸੇ ਵਿੱਚ ਆਏ ਕਿਸਾਨਾਂ ਮਜ਼ਦੂਰਾਂ ਵੱਲੋਂ ਮਹਿਤਾ ਚੌਕ ਜਾਮ ਕਰ ਦਿੱਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਕਿਸਾਨਾਂ ਦੇ ਧਰਨੇ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 126 ਕਿਸਮ ਨਹੀਂ ਚੁੱਕੀ ਜਾਂਦੀ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰੇਗੀ। ਇਸ ਮੌਕੇ ਸ਼ਿਵਚਰਨ ਸਿੰਘ ਮਹਿਸਮਪੁਰ, ਰਣਧੀਰ ਸਿੰਘ ਬੁੱਟਰ, ਮੁਖਤਾਰ ਸਿੰਘ ਅਰਜਨ ਮਾਂਗਾ, ਹਰਮੀਤ ਸਿੰਘ ਖੱਬੇ ਰਾਜਪੂਤਾਂ, ਹਰਮਨ ਸਿੰਘ ਖੱਬੇ, ਤਰਸੇਮ ਸਿੰਘ ਉਦੋਨੰਗਲ, ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਬੁੱਟਰ ਸਿਵੀਆਂ, ਸਾਹਿਬ ਸਿੰਘ ਉਦੋਨੰਗਲ, ਰਾਜਬੀਰ ਸਿੰਘ ਉਦੋਨੰਗਲ ਅਤੇ ਗੁਰਮੁਖ ਸਿੰਘ ਸਮੇਤ ਆੜ੍ਹਤੀਏ ਅਤੇ ਕਿਸਾਨ ਮਜ਼ਦੂਰ ਮੌਜੂਦ ਸਨ।
ਇਸੇ ਤਰ੍ਹਾਂ ਰਈਆ ਦਾਣਾ ਮੰਡੀ ਵਿਚ ਸ਼ੈਲਰ ਮਾਲਕਾ ਵਲੋਂ ਪੀ ਆਰ 110,121,131 ਕਿਸਮ ਦੇ 17% ਨਮੀ ਵਾਲੇ ਝੋਨੇ ਨੂੰ 2200 ਰੁਪਏ ਤੱਕ ਖ਼ਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ