ਪੰਜਾਬੀ ’ਵਰਸਿਟੀ ਦੇ ਮੁਲਾਜ਼ਮਾਂ ਵਿੱਚ ਤਨਖ਼ਾਹ ਜਾਰੀ ਨਾ ਹੋਣ ਕਾਰਨ ਰੋਸ
ਪੱਤਰ ਪ੍ਰੇਰਕ
ਪਟਿਆਲਾ, 10 ਜੁਲਾਈ
ਡੈਮੋਕਰੈਟਿਕ ਟੀਚਰਜ਼ ਕੌਂਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾ ਜਾਰੀ ਹੋਣ ਕਾਰਨ ਰੋਸ ਜ਼ਾਹਿਰ ਕੀਤਾ ਗਿਆ। ਡੀਟੀਸੀ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਤਕਨੀਕੀ ਅੜਿੱਕੇ ਕਾਰਨ ਵਾਈਸ ਚਾਂਸਲਰ ਵੱਲੋਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਤਨਖ਼ਾਹ ਰੋਕਣਾ ਮੰਦਭਾਗਾ ਫ਼ੈਸਲਾ ਹੈ। ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆਇਆ ਹੈ, ਜਦੋਂ ਵੀ ਯੂਨੀਵਰਸਿਟੀ ਵਿਚ ਕੋਈ ਤਕਨੀਕੀ ਅੜਚਣ ਆਈ ਹੈ ਤਾਂ ਉਸ ਅੜਚਣ ਨੂੰ ਦੂਰ ਕਰਨ ਦੇ ਨਾਲ ਨਾਲ ਹੀ ਮੁਲਾਜ਼ਮਾਂ ਨੂੰ ਤਨਖ਼ਾਹ ਪੈਂਦੀ ਰਹੀ ਹੈ। ਪਰ ਇਸ ਵਾਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਦੇ ਬਿਲਕੁਲ ਉਲਟ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਕਾਰਨ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਬਹੁਤ ਤਰ੍ਹਾਂ ਦੀਆਂ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਫ਼ੈਸਲੇ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਡੀਟੀਸੀ ਵਾਈਸ ਚਾਂਸਲਰ ਨੂੰ ਅਪੀਲ ਕਰਦੀ ਹੈ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਤਨਖ਼ਾਹ ਜਲਦੀ ਤੋਂ ਜਲਦੀ ਅਦਾ ਕੀਤੀ ਜਾਵੇ। ਜੇਕਰ ਤਨਖ਼ਾਹ ਦੀ ਅਦਾਇਗੀ ਜਲਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।