ਮਹਿਲਾ ਅਧਿਆਪਕਾਂ ਦੀਆਂ ਬਦਲੀਆਂ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਮੁਕੇਰੀਆਂ 25 ਸਤੰਬਰ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੁਰਾਣਾ ਭੰਗਾਲਾ ਦੀਆਂ ਚਾਰ ਮਹਿਲਾ ਅਧਿਆਪਕਾਂ ਦੀਆਂ ਬਦਲੀਆਂ ਖਿਲਾਫ਼ ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ, ਮਿਸਲ ਦਲ ਪੰਥ ਸ਼੍ਰੋਮਣੀ ਭਗਤ ਧੰਨਾ, ਅੰਬੇਦਕਰ ਮਿਸ਼ਨ, ਬਾਬਾ ਬੁੱਢਾ ਜੀ ਗ੍ਰੰਥੀ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਵਾਟਰ ਸਪਲਾਈ ਸੈਨੀਟੇਸ਼ਨ ਯੂਨੀਅਨ ਸਮੇਤ ਬਾਲਮੀਕਿ ਤੇ ਮੁਸਲਿਮ ਭਾਈਚਾਰੇ ਵਲੋਂ ਐਸਡੀਐੱਮ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਪ੍ਰਧਾਨ ਬਲਕਾਰ ਸਿੰਘ ਮੱਲੀ, ਬਾਬਾ ਗੁਰਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੂਬੇਦਾਰ ਰਾਜਿੰਦਰ ਸਿੰਘ, ਲਖਵੀਰ ਸਿੰਘ ਹਾਜੀਪੁਰ ਅਤੇ ਸੁਰਿੰਦਰ ਸਿੰਘ ਮਾਨਾ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਯਤਨਾ ਤਹਿਤ ਹੀ ਸਕੂਲ ਵਿਦਿਆਰਥੀਆਂ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ ਉੱਤੇ ਰਹਿ ਕੇ ਐਵਾਰਡ ਪ੍ਰਾਪਤ ਕੀਤੇ ਹਨ। ਸਕੂਲ ਪੜ੍ਹਾਈ ਪੱਖੋਂ ਪਹਿਲੇ ਨੰਬਰ ’ਤੇ ਰਿਹਾ ਹੈ ਅਤੇ ਪੰਜਾਬ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਪਰ ਡੀਈਓ ਹੁਸ਼ਿਆਰਪੁਰ ਸੰਜੀਵ ਗੌਤਮ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਸਕੂਲ ਦੀਆਂ ਚਾਰੋਂ ਅਧਿਆਪਕਾਂ ਦੀ ਜ਼ਬਰੀ ਬਦਲੀ ਕਰ ਦਿੱਤੀ ਹੈ। ਅਜਿਹਾ ਹੋਣ ਕਰ ਕੇ ਬੱਚਿਆਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਹਨ। ਇਸ ਦੇ ਖਿਲਾਫ਼ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਚਾਰੋਂ ਮਹਿਲਾ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰ ਕੇ ਉਨ੍ਹਾਂ ਨੂੰ ਪੁਰਾਣਾ ਭੰਗਾਲਾ ਦੇ ਸਕੂਲ ਵਿੱਚ ਤਾਇਨਾਤ ਕੀਤਾ ਜਾਵੇ। ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਸਿਫਾਰਿਸ਼ ਸਹਿਤ ਭੇਜ ਦਿੱਤਾ ਜਾਵੇਗਾ। ਇਸ ਮੌਕੇ ਕਮਲ ਖੋਸਲਾ, ਰਮੇਸ਼ ਲਾਲ ਭੰਗਾਲਾ, ਬਲਵੰਤ ਰਾਜ, ਰਾਕੇਸ਼ ਕੁਮਾਰ, ਭਗਵਾਨ ਸਿੰਘ, ਜਥੇਦਾਰ ਹਰਦੀਪ ਸਿੰਘ, ਮੱਖਣ ਸਿੰਘ, ਮੁਖਤਿਆਰ ਮਸੀਹ, ਜੋਗਿੰਦਰਪਾਲ, ਨਰਿੰਦਰ ਸਿੰਘ, ਹਰਜੀਤ ਸਿੰਘ, ਭਜਨ ਸਿੰਘ, ਅਤਰਦੀਨ, ਰੋਸ਼ਨਦੀਨ, ਗਾਮਾਦੀਨ, ਯਾਕੂਬ, ਗੁੱਜਰ, ਫੱਕਰਦੀਨ, ਅਜੈਬ ਸਿੰਘ, ਗੁਰਜੀਤ ਸਿੰਘ, ਰਨਵੀਰ ਸਿੰਘ, ਉਂਕਾਰ ਸਿੰਘ, ਰਾਜਕੁਮਾਰ, ਉਜਾਗਰ ਸਿੰਘ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਨਾਨਕ ਸਿੰਘ, ਜਥੇਦਾਰ ਦਲਜੀਤ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।