ਮੁਲਾਜ਼ਮਾਂ ਦੇ ਤਬਾਦਲਿਆਂ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਪਠਾਨਕੋਟ, 11 ਦਸੰਬਰ
ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੁਲਾਜ਼ਮਾਂ ਦੇ ਤਬਾਦਲੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਤੋਂ ਇੰਦਰਜੀਤ ਰਿਸ਼ੀ, ਜਤਿੰਦਰ ਵਿਰਕ ਤੇ ਤਰਲੋਚਨ ਸਿੰਘ, ਨੇਕ ਰਾਜ, ਮਨੋਹਰ ਲਾਲ, ਮਹਿੰਦਰ ਪਾਲ ਆਦਿ ਆਗੂ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਰਾਜਿੰਦਰ ਕੁਮਾਰ, ਮਨੋਹਰ ਲਾਲ, ਰਾਜਿੰਦਰ ਧੀਮਾਨ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਹਾਈਡਰੋਲਿਕ ਰਿਸਰਚ ਸੈਂਟਰ ਮਲਿਕਪੁਰ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਿਨ੍ਹਾਂ ਮੁਲਾਜ਼ਮਾਂ ਦੀ ਪੋਸਟ ਇਥੇ ਨਹੀਂ ਹੈ, ਨੂੰ ਇੱਥੇ ਲਗਾਇਆ ਗਿਆ ਹੈ। ਜਦ ਕਿ ਹੋਰ ਕਈ ਮੁਲਾਜ਼ਮਾਂ ਦੇ ਤਬਾਦਲੇ ਇੱਥੋਂ ਬਾਹਰ ਕੀਤੇ ਗਏ ਹਨ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੇ ਮੁਲਾਜ਼ਮਾਂ ਦੀ ਰੋਟੇਸ਼ਨ ਮੁਤਾਬਕ ਡਿਊਟੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਨਾਲ ਦੋ ਵਾਰ ਮੀਟਿੰਗ ਹੋਣ ਬਾਅਦ ਵੀ ਮੁਲਾਜ਼ਮਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ। ਉਲਟਾ ਕਾਰਜਕਾਰੀ ਇੰਜੀਨੀਅਰ ਵੱਲੋਂ 19 ਨਵੰਬਰ ਨੂੰ ਤਬਾਦਲੇ ਕਰ ਦਿੱਤੇ ਗਏ। ਇਨ੍ਹਾਂ ਮੰਗਾਂ ਨੂੰ ਲੈ ਕੇ 13 ਦਸੰਬਰ ਨੂੰ ਕਾਰਜਕਾਰੀ ਇੰਜੀਨੀਅਰ (ਆਈਪੀਆਰਆਈ) ਦਫਤਰ ਅੰਮ੍ਰਿਤਸਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ।