ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਪੁਲੀਸ ਖ਼ਿਲਾਫ਼ ਧਰਨਾ
ਪੱਤਰ ਪ੍ਰੇਰਕ
ਸਮਾਣਾ, 22 ਸਤੰਬਰ
ਸਿਟੀ ਪੁਲੀਸ ਨੂੰ ਨੂਰਪੁਰਾ ਦੇ ਖੇਤਾਂ ਵਿੱਚੋਂ 16 ਸਤੰਬਰ ਨੂੰ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਦੀ ਸ਼ਨਾਖ਼ਤ ਹੋਣ ’ਤੇ ਮ੍ਰਿਤਕ ਦੇ ਵਾਰਸਾਂ ਨੇ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਪੁਲ ਕੋਲ ਐਤਵਾਰ ਸ਼ਾਮ ਨੂੰ ਧਰਨਾ ਲਗਾ ਕੇ ਜਾਮ ਲਗਾ ਦਿੱਤਾ। ਉਨ੍ਹਾਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਧਰਨਾਕਾਰੀਆਂ ਨੂੰ ਪੁਲੀਸ ਅਧਿਕਾਰੀ ਨੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।
ਧਰਨਾਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਲਾਡੀ (26) ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕੁਲਾਰਾ ਮਹੀਨਾ ਪਹਿਲਾਂ ਕਰਨਾਲ (ਹਰਿਆਣਾ) ਵਿੱਚ ਕੰਮ ’ਤੇ ਗਿਆ ਸੀ। ਉਸ ਨੂੰ ਉਨ੍ਹਾਂ ਦੇ ਪਿੰਡ ਦਾ ਹੀ ਉਸ ਦਾ ਦੋਸਤ ਸਤਨਾਮ ਸਿੰਘ 15 ਸਤੰਬਰ ਨੂੰ ਕਰਨਾਲ ਤੋਂ ਲਿਆਇਆ ਸੀ। 16 ਸਤੰਬਰ ਨੂੰ ਲਾਡੀ ਦੀ ਲਾਸ਼ ਨੂਰਪੁਰਾ ਦੇ ਖੇਤਾਂ ਵਿੱਚੋਂ ਮਿਲੀ ਸੀ। ਉਨ੍ਹਾਂ ਜਦੋਂ ਹਸਪਤਾਲ ਵਿੱਚ ਆਪਣੇ ਲੜਕੇ ਦੀ ਸਨਾਖ਼ਤ ਕਰ ਕੇ ਜਾਣਕਾਰੀ ਪੁਲੀਸ ਨਾਲ ਸਾਂਝੀ ਕੀਤੀ ਤਾਂ ਪੁਲੀਸ ਸਤਨਾਮ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲ-ਮਟੋਲ ਕਰਦੀ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੁਲੀਸ ਦੀ ਇਸ ਕਾਰਗੁਜ਼ਾਰੀ ਕਾਰਨ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਪਰ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਕਰ ਕੇ ਉਨ੍ਹਾਂ ਨੂੰ ਜਾਮ ਲਗਾਉਣਾ ਪਿਆ।
ਇਸ ਸਬੰਧੀ ਥਾਣਾ ਸਿਟੀ ਮੁਖੀ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਸਤਨਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।