ਮਹਿਲਾ ਕਿਸਾਨ ਆਗੂ ਦੇ ਘਰ ਐੱਨਆਈਏ ਦੇ ਛਾਪੇ ਦਾ ਵਿਰੋਧ
ਮਨੋਜ ਸ਼ਰਮਾ/ਰਮਨਦੀਪ ਸਿੰਘ
ਬਠਿੰਡਾ/ਚਾਊਕੇ, 30 ਅਗਸਤ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਿਨ ਚੜ੍ਹਦੇ ਹੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾਈ ਜਰਨਲ ਸਕੱਤਰ ਸੁਖਵਿੰਦਰ ਕੌਰ ਦੇ ਰਾਮਪੁਰਾ (ਫੂਲ) ਪਿੰਡ ਵਿੱਚ ਸਰਾਭਾ ਨਗਰ ਸਥਿਤ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਘਰ ਦੀ ਤਲਾਸ਼ੀ ਲਈ। ਇਸ ਛਾਪੇ ਦਾ ਪਤਾ ਚੱਲਦਿਆਂ ਹੀ ਬੀਕੇਯੂ (ਕ੍ਰਾਂਤੀਕਾਰੀ) ਦੇ ਆਗੂ ਤੇ ਕਾਰਕੁਨ ਘਰ ਅੱਗੇ ਇਕੱਠੇ ਹੋ ਗਏ ਅਤੇ ਐੱਨਆਈਏ ਦੇ ਛਾਪੇ ਦਾ ਵਿਰੋਧ ਕੀਤਾ।
ਐੱਨਆਈਏ ਦੀ ਟੀਮ ਵੱਲੋਂ ਇਹ ਛਾਪਾ ਸਵੇਰੇ ਲਗਪਗ ਪੰਜ ਵਜੇ ਮਾਰਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਬਲਾਂ ਸਮੇਤ ਬਠਿੰਡਾ ਪੁਲੀਸ ਵੱਲੋਂ ਘਰ ਦੀ ਘੇਰਾਬੰਦੀ ਕੀਤੀ ਹੋਈ ਸੀ। ਮਹਿਲਾ ਆਗੂ ਛਾਪੇ ਮੌਕੇ ਘਰ ਨਹੀਂ ਸੀ। ਜ਼ਿਕਰਯੋਗ ਹੈ ਕਿ ਸੁਖਵਿੰਦਰ ਕੌਰ ਬੀਕੇਯੂ (ਕ੍ਰਾਂਤੀਕਾਰੀ) ਦੀ ਸੂਬਾਈ ਆਗੂ ਹੈ। ਉਹ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਖ਼ਿਲਾਫ਼ ਚੱਲ ਰਹੇ ਸ਼ੰਭੂ ਤੇ ਖਨੌਰੀ ਮੋਰਚਿਆਂ ਵਿੱਚ ਡਟੀ ਹੋਈ ਹੈ।
ਏਜੰਸੀ ਨੇ ਛਾਪੇ ਦੌਰਾਨ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਇਸ ਮੁਹਿੰਮ ਦੌਰਾਨ ਕਿਸੇ ਮੈਂਬਰ ਨੂੰ ਘਰ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਜਾਂਚ ਟੀਮ ਨੇ ਲਗਪਗ ਛੇ ਘੰਟੇ ਤੋਂ ਵੱਧ ਸਮਾਂ ਘਰ ਦੀ ਤਲਾਸ਼ੀ ਲਈ। ਐੱਨਆਈਏ ਦੇ ਛਾਪੇ ਦੀ ਸੂਚਨਾ ਮਿਲਦਿਆਂ ਹੀ ਲੋਕ ਸੰਗਰਾਮ ਮੋਰਚਾ ਦੇ ਸੁਖਮੰਦਰ ਸਿੰਘ, ਕੁਲਵੰਤ ਸਿੰਘ ਸੇਲਬਰਾਹ, ਬੀਕੇਯੂ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਦੀ ਅਗਵਾਈ ਹੇਠ ਕਿਸਾਨ ਕਾਰਕੁਨਾਂ ਨੇ ਮਹਿਲਾ ਆਗੂ ਦੇ ਘਰ ਬਾਹਰ ਇਕੱਠੇ ਹੋ ਕੇ ਧਰਨਾ ਲਾ ਦਿੱਤਾ ਅਤੇ ਐੱਨਆਈਏ ਦੀ ਟੀਮ ਦਾ ਵਿਰੋਧ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਐੱਨਆਈਏ ਟੀਮ ਉਨ੍ਹਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਪੜਤਾਲ ਕਰੇ ਕਿਉਂਕਿ ਇਹ ਪਰਿਵਾਰ ਸਮਾਜ ਵਿਰੋਧੀ ਨਹੀਂ ਹੈ।
ਬਠਿੰਡਾ ਦੇ ਐੱਸਪੀ ਨਰਿੰਦਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਐੱਨਆਈਏ ਦੇ ਅਧਿਕਾਰੀਆਂ ਨੇ ਵਿਰੋਧ ਕਾਰਨ ਦੋ ਕਾਰਕੁਨਾਂ ਨੂੰ ਘਰ ਅੰਦਰ ਆਉਣ ਦੀ ਆਗਿਆ ਦੇ ਦਿੱਤੀ। ਇਸ ਮੌਕੇ ਪਰਿਵਾਰ ਨੇ ਦੱਸਿਆ ਕਿ ਐੱਨਆਈਏ ਦੀ ਟੀਮ ਉਨ੍ਹਾਂ ਦੇ ਮੋਬਾਈਲ, ਪੈਨਡਰਾਈਵ, ਫ਼ੋਟੋਆਂ ਅਤੇ ਹੋਰ ਦਸਤਾਵੇਜ਼ ਲੈ ਗਈ। ਇਸ ਦੌਰਾਨ ਜਾਂਚ ਟੀਮ ਨੇ ਘਰ ਲਾਇਬਰੇਰੀ, ਅਲਮਾਰੀਆਂ ਅਤੇ ਬੈੱਡ ਦੇ ਗੱਦਿਆਂ ਸਮੇਤ ਹੋਰ ਸਾਮਾਨ ਦੀ ਫਰੋਲਾ-ਫਰਾਲੀ ਵੀ ਕੀਤੀ।
ਵੱਖ-ਵੱਖ ਜਥੇਬੰਦੀਆਂ ਵੱਲੋਂ ਐੱਨਆਈਏ ਦੇ ਛਾਪਿਆਂ ਦੀ ਨਿਖੇਧੀ
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਲੋਕ ਸੰਗਰਾਮ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਦੇ ਆਗੂਆਂ ਪ੍ਰਸ਼ੋਤਮ ਮਹਿਰਾਜ, ਸੁਖਮੰਦਰ ਸਿੰਘ, ਕੁਲਵੰਤ ਸਿੰਘ ਸੇਲਬਰਾਹ ਨੇ ਐੱਨਆਈਏ ਦੇ ਸੁਖਵਿੰਦਰ ਕੌਰਅਤੇ ਚੰਡੀਗੜ੍ਹ ਦੇ ਵਕੀਲਾਂ ਮਨਦੀਪ ਸਿੰਘ, ਆਰਤੀ ਤੇ ਅਜੇ ਦੇ ਟਿਕਾਣਿਆਂ ’ਤੇ ਮਾਰੇ ਛਾਪੇ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਛਾਪਿਆਂ ਦਾ ਮਕਸਦ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੀਹੋਂ ਲਾਉਣ ਦੀ ਕੋਸ਼ਿਸ਼ ਕਰਨਾ ਹੈ।
ਉੱਤਰ ਭਾਰਤ ’ਚ ਕੌਮੀ ਜਾਂਚ ਏਜੰਸੀ ਦੇ ਛਾਪਿਆਂ ਦਾ ਵਿਰੋਧ
ਚੰਡੀਗੜ੍ਹ (ਟਨਸ): ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਮਾਰੇ ਗਏ ਛਾਪਿਆਂ ਦਾ ਵਿਆਪਕ ਵਿਰੋਧ ਹੋਇਆ ਹੈ। ਪੰਜਾਬ ਜਮਹੂਰੀ ਮੋਰਚਾ ਦੇ ਕਨਵੀਨਰ ਜੁਗਰਾਜ ਟੱਲੇਵਾਲ ਅਤੇ ਸੁੱਚਾ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਤੇ ਗੁਰਮੀਤ ਮਹਿਮਾ, ਇਨਕਲਾਬੀ ਗਰੁੱਪ (ਕੀਐਸਯੂ) ਦੇ ਸੁਰਿੰਦਰ ਸ਼ਰਮਾ ਤੇ ਪ੍ਰੀਤਮ ਸਿੰਘ ਪਿੰਡੀ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਅਜਮੇਰ ਸਿੰਘ ਤੇ ਦਰਸ਼ਨ ਸਿੰਘ ਖਟਕੜ ਆਦਿ ਨੇ ਜਮਹੂਰੀ ਕਾਰਕੁਨਾਂ ਦੇ ਘਰਾਂ ’ਤੇ ਛਾਪੇਮਾਰੀ ਨੂੰ ਗੈਰ ਸੰਵਿਧਾਨਕ ਅਤੇ ਗੈਰ ਜਮਹੂਰੀ ਦੱਸਿਆ ਹੈ। ਆਗੂਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਹਰ ਉਸ ਤਾਕਤ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦੀ ਹੈ।