For the best experience, open
https://m.punjabitribuneonline.com
on your mobile browser.
Advertisement

ਬਨੂੜ ਅਨਾਜ ਮੰਡੀ ਵਿੱਚ ਲੱਗੇ ਰਹੇ ਮੋਬਾਈਲ ਟਾਵਰ ਦਾ ਵਿਰੋਧ

08:52 AM Apr 18, 2024 IST
ਬਨੂੜ ਅਨਾਜ ਮੰਡੀ ਵਿੱਚ ਲੱਗੇ ਰਹੇ ਮੋਬਾਈਲ ਟਾਵਰ ਦਾ ਵਿਰੋਧ
ਬਨੂੜ ਅਨਾਜ ਮੰਡੀ ਦੀ ਦੁਕਾਨ ਨੰਬਰ 31 ’ਤੇ ਲੱਗ ਰਿਹਾ ਮੋਬਾਈਲ ਟਾਵਰ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 17 ਅਪਰੈਲ
ਬਨੂੜ ਦੀ ਅਨਾਜ ਮੰਡੀ ਦੀ ਇੱਕ ਦੁਕਾਨ ਉੱਤੇ ਲਗਾਏ ਜਾ ਰਹੇ ਮੋਬਾਈਲ ਕੰਪਨੀ ਦੇ ਟਾਵਰ ਨੂੰ ਲੈ ਕੇ ਅੱਜ ਆੜ੍ਹਤੀ ਅਤੇ ਨੇੜਲੀ ਕਾਲੋਨੀ ਦੇ ਵਸਨੀਕ ਭੜਕ ਉੱਠੇ। ਸਵੇਰੇ ਸੂਰਜ ਚੜ੍ਹਦੇ ਸਾਰ ਹੀ ਦੋਵਾਂ ਧਿਰਾਂ ਦਰਮਿਆਨ ਗਾਲੀ-ਗਲੋਚ ਵੀ ਹੋਇਆ।
ਟਾਵਰ ਦਾ ਵਿਰੋਧ ਕਰ ਰਹੇ ਵਿਅਕਤੀਆਂ ਅਤੇ ਆੜ੍ਹਤੀਆਂ ਨੇ ਟਾਵਰ ਵਾਲੀ ਦੁਕਾਨ ਦੇ ਮਾਲਕ ਉੱਤੇ ਉਨ੍ਹਾਂ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ, ਜਦੋਂ ਕਿ ਦੁਕਾਨ ਮਾਲਕ ਵੱਲੋਂ ਵਿਰੋਧ ਕਰਨ ਵਾਲਿਆਂ ’ਤੇ ਹੀ ਇੱਟਾਂ-ਰੋੜੇ ਮਾਰ ਜਾਣ ਦਾ ਦੋਸ਼ ਲਾਇਆ। ਬਨੂੜ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਟਾਵਰ ਦਾ ਬੰਦ ਕਰਾਇਆ, ਜਿਸ ਮਗਰੋਂ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ।
ਅਨਾਜ ਮੰਡੀ ਦੇ ਆੜ੍ਹਤੀਆਂ ਅਤੇ ਨਾਲ ਲੱਗਦੀ ਕੰਡਾ ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰਿਹਾਇਸ਼ੀ ਖੇਤਰ ਵਿੱਚ ਲੱਗ ਰਹੇ ਇਸ ਮੋਬਾਈਲ ਟਾਵਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀਆਂ ਤਰੰਗਾਂ ਲੋਕਾਂ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਮਾਰਕੀਟ ਕਮੇਟੀ ਨੂੰ ਵੀ ਲਿਖਤੀ ਪੱਤਰ ਦੇ ਚੁੱਕੇ ਹਨ ਕਿ ਇਸ ਟਾਵਰ ਨੂੰ ਰਿਹਾਇਸ਼ੀ ਕਲੋਨੀ ਤੋਂ ਬਾਹਰ ਲਗਾਇਆ ਜਾਵੇ ਅਤੇ ਇੱਥੇ ਨਾ ਲੱਗਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਨੂੰ ਇਸ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਛੇ ਕੁ ਵਜੇ ਪਤਾ ਲੱਗਣ ’ਤੇ ਮੁਹੱਲਾ ਵਾਸੀ ਅਤੇ ਆੜ੍ਹਤੀ ਇਕੱਠੇ ਹੋ ਗਏ, ਜਿਸ ਮਗਰੋਂ ਪੁਲੀਸ ਵੀ ਬੁਲਾਈ ਗਈ ਅਤੇ ਕੰਮ ਬੰਦ ਹੋ ਗਿਆ।
ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਵੀ ਅੱਜ ਇਸ ਮਾਮਲੇ ਸਬੰਧੀ ਥਾਣਾ ਬਨੂੜ ਦੇ ਮੁਖੀ ਨੂੰ ਪੱਤਰ ਲਿਖ ਕੇ ਮੰਡੀ ਵਿੱਚ ਲਗਾਏ ਜਾ ਰਹੇ ਮੋਬਾਇਲ ਟਾਵਰ ਦਾ ਕੰਮ ਬੰਦ ਕਰਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਇਸ ਨੂੰ ਬਾਹਰ ਲਗਵਾਏ ਜਾਣ ਦੀ ਮੰਗ ਕੀਤੀ ਹੈ। ਉੱਧਰ ਟਾਵਰ ਵਾਲੀ ਦੁਕਾਨ ਦੇ ਮਾਲਕ ਅਤੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਸ ਦਾ ਏਅਰਟੈੱਲ ਕੰਪਨੀ ਨਾਲ ਦੁਕਾਨ ’ਤੇ ਟਾਵਰ ਲਗਾਏ ਜਾਣ ਲਈ 12 ਸਾਲਾਂ ਦਾ ਇਕਰਾਰਨਾਮਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮਨਜ਼ੂਰੀਆਂ ਲੈਣ ਮਗਰੋਂ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਕਾਰਨ ਕੁੱਝ ਆੜ੍ਹਤੀ ਲੋਕਾਂ ਨੂੰ ਭੜਕਾ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×