ਨਾਜਾਇਜ਼ ਖਣਨ ਵਾਲੀ ਜਗ੍ਹਾ ’ਤੇ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਜੰਗ ਬਹਾਦਰ ਸਿੰਘ
ਗੜਸ਼ੰਕਰ, 31 ਜੁਲਾਈ
ਕੰਢੀ ਸੰਘਰਸ਼ ਕਮੇਟੀ ਵੱਲੋਂ ਅੱਜ ਚੌਧਰੀ ਅੱਛਰ ਸਿੰਘ ਦੀ ਅਗਵਾਈ ਹੇਠ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਨਾਜਾਇਜ਼ ਖਣਨ ਵਾਲੀ ਥਾਂ ਪਿੰਡ ਕੁਨੈਲ ਵਿੱਚ ਪੁੱਜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਕਈ ਪਿੰਡਾਂ ਵਿੱਚ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਪਰ ਸਰਕਾਰ ਇਸ ਪਾਸੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ , ਜਨਵਾਦੀ ਇਸਤਰੀ ਸਭਾ ਦੀ ਆਗੂ ਬੀਬੀ ਸੁਭਾਸ਼ ਮੱਟੂ, ਹਰਭਜਨ ਸਿੰਘ ਅਟਵਾਲ, ਚੌਧਰੀ ਅੱਛਰ ਸਿੰਘ ਬਿਲੜੋਂ, ਕੈਪਟਨ ਕਰਨੈਲ ਸਿੰਘ ਤੇ ਸਾਬਕਾ ਸਰਪੰਚ ਬਲਵਿੰਦਰ ਕੁਮਾਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਨੁਮਾਇੰਦਿਆਂ ਦੀ ਕਥਿਤ ਸਪ੍ਰਰਸਤੀ ਹੇਠ ਚੱਲ ਰਹੀ ਨਾਜਾਇਜ਼ ਖਣਨ ਨਾਲ ਕੰਢੀ ਨਹਿਰ ਦੀ ਪਟੜੀ ਵੀ ਹੇਠਾਂ ਧਸ ਗਈ ਹੈ ਜਿਸ ਕਰਕੇ ਇਸ ਨਹਿਰ ਦੇ ਪਾਣੀ ਨੇ ਪਿਛਲੇ ਦਿਨੀਂ ਲੋਕਾਂ ਦੀਆਂ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ ਕੀਤਾ ਹੈ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਨਾਜਾਇਜ਼ ਖਣਨ ਬੰਦ ਕੀਤੀ ਜਾਵੇ, ਹਿਮਾਚਲ ਤੋਂ ਜੰਗਲ ਦੇ ਰਸਤੇ ਨਾਜਾਇਜ ਮਾਇਨਿੰਗ ਸਮੱਗਰੀ ਲੈ ਕੇ ਦਾਖਲ ਹੋਣ ਵਾਲੇ ਭਾਰੀ ਵਾਹਨਾਂ ਨੂੰ ਬੰਦ ਕੀਤਾ ਜਾਵੇ, ਕੰਢੀ ਨਹਿਰ ਦੀ ਪਟੜੀ ਨੂੰ ਰਾਹ ਵਜੋਂ ਵਰਤਣ ਵਾਲੇ ਕਰੱਸ਼ਰ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲਾ ਪੱਕਾ ਧਰਨਾ ਸ਼ਾਹਪੁਰ ਨਹਿਰ ‘ਤੇ ਲਗਾਇਆ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ, ਡਾਕਟਰ ਸੁਰਿੰਦਰ ਸਿੰਘ, ਸਤਵਿੰਦਰ ਸਿੰਘ ਭਿੰਦਾ, ਜਾਗਰ ਸਿੰਘ, ਪ੍ਰਗਣ ਸਿੰਘ, ਹਰਨੇਕ ਸਿੰਘ ਬੰਗਾ, ਅਰਜਨ ਸਿੰਘ, ਦਿਲਬਾਗ ਸਿੰਘ ਮੱਟੂ, ਬਖਸ਼ੀਸ਼ ਸਿੰਘ ਦਿਆਲ, ਬਲਰਾਜ ਕੁਮਾਰ, ਧਨੀ ਰਾਮ ਸਾਬਕ ਸਰਪੰਚ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਦਿਆਲ, ਸਤਵੀਰ, ਚਾਂਦੀ ਰਾਮ, ਬੁਧ ਰਾਮ, ਸੁਰਿੰਦਰ ਕੁਮਾਰ, ਨਿਰਮਲ ਕੁਮਾਰ, ਰਾਜੇਸ਼ ਕੁਮਾਰ, ਜਰਨੈਲ ਸਿੰਘ, ਕਮਲਾ ਦੇਵੀ ਆਦਿ ਹਾਜ਼ਰ ਸਨ।