ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ’ਚ ਦੇਰੀ ਖ਼ਿਲਾਫ਼ ਰੋਸ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਗਸਤ
ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ ਦੇ ਕਾਰਕੁਨਾਂ ਨੇ ਬੁੱਢੇ ਦਰਿਆ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦੇ ਆਲੇ-ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਕਰਕੇ ਬੁੱਢੇ ਦਰਿਆ ਦਾ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ।
ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਪਾਣੀ ਦੇ ਪ੍ਰਦੂਸ਼ਣ ਖ਼ਿਲਾਫ਼ ਚੱਲ ਰਹੀ ਲੜਾਈ ਜਨਤਕ ਕਲਿਆਣਾ ਅਤੇ ਉਲਝੇ ਹੋਏ ਹਿੱਤਾਂ ਵਿਚਕਾਰ ਟਕਰਾਅ ਨੂੰ ਉਜਾਗਰ ਕਰਦੀ ਹੈ। ਪੀਏਸੀ ਵੱਲੋਂ ਬੁੱਢਾ ਦਰਿਆ ਪੈਦਲ ਯਾਤਰਾ ਭਾਗ ਛੇਵੇਂ ਦੇ ਤੀਜੇ ਪੜਾਅ ਤਹਿਤ ਮੁਹਿੰਮ ਜਾਰੀ ਹੈ। ਉਨ੍ਹਾਂ ਬੁੱਢਾ ਦਰਿਆ ਦੇ ਕਿਨਾਰੇ ਮੱਛੀ ਮਾਰਕੀਟ ਵੱਲੋਂ ਕੂੜਾ ਸੁੱਟਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੀ ਬੁੱਢੇ ਦਰਿਆ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ। ਅੱਜ ਦੀ ਮੁਹਿੰਮ ਦੀ ਅਗਵਾਈ ਕਰਦਿਆਂ ਸ਼ਮਿੰਦਰ ਸਿੰਘ ਲੌਂਗੋਵਾਲ ਨੇ ਸਾਫ਼-ਸੁਥਰੇ ਵਾਤਾਵਰਨ ਨੂੰ ਯਕੀਨੀ ਬਣਾਉਣ ਅਤੇ ਕੁਦਰਤੀ ਸਰੋਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਵਿੱਚ ਪ੍ਰਸਾਸ਼ਨਿਕ ਪ੍ਰਣਾਲੀ ਦੀ ਕਥਿਤ ਨਾਕਾਮੀ ’ਤੇ ਜ਼ੋਰ ਦਿੰਦਿਆਂ ਸਰਕਾਰ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ਦਾ ਪ੍ਰਦੂਸ਼ਣ ਗੈਰ-ਕਾਨੂੰਨੀ ਅਤੇ ਅਸਹਿਣਯੋਗ ਹੈ।
ਇਸ ਮੌਕੇ ਸੁਰਿੰਦਰ ਮੋਦਗਿੱਲ, ਗੁਰਬਚਨ ਸਿੰਘ ਬੱਤਰਾ, ਡਾ. ਵੀਪੀ ਮਿਸ਼ਰਾ, ਅਮੀਨ ਲਖਨਪਾਲ, ਮਨਜਿੰਦਰ ਸਿੰਘ ਗਰੇਵਾਲ, ਮਹਿੰਦਰ ਸਿੰਘ ਸੇਖੋਂ, ਹਰਪਾਲ ਸਿੰਘ ਦੁੱਗਰੀ, ਅਨੀਤਾ ਸ਼ਰਮਾ, ਐਡਵੋਕੇਟ ਯੋਗੇਸ਼ ਖੰਨਾ, ਐਡਵੋਕੇਟ ਆਰਐਸ ਅਰੋੜਾ, ਐਡਵੋਕੇਟ ਤੀਰਥ ਸਿੰਘ ਗਰੇਵਾਲ, ਰਜਿੰਦਰ ਸਿੰਘ ਕਾਲੜਾ, ਦਾਨ ਸਿੰਘ ਓਸਾਹਣ, ਜਸਪ੍ਰੀਤ ਸਿੰਘ, ਮਨਿੰਦਰਜੀਤ ਸਿੰਘ ਬੈਨੀਪਾਲ ਅਤੇ ਕਰਨਲ ਸੀਐਮ ਲਖਨਪਾਲ ਹਾਜ਼ਰ ਸਨ। ਇਸ ਮੌਕੇ ਨੁਮਾਇੰਦਿਆਂ ਨੇ ਵੱਖ ਵੱਖ ਨਾਅਰੇ ਲਿਖੀਆਂ ਤਖਤੀਆਂ ਵੀ ਗਲ ਵਿੱਚ ਪਾਈਆਂ ਹੋਈਆਂ ਸਨ। ਉਨ੍ਹਾਂ ਰਾਹਗੀਰਾਂ ਨੂੰ ਰੋਕ ਕੇ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਆਪੋ-ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।