ਰਾਹੋਂ ਰੋਡ ਸਥਿਤ ਤਿੰਨ ਕਲੋਨੀਆਂ ਦੇ ਵਸਨੀਕਾਂ ਵੱਲੋਂ ਨਿਗਮ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਨਵੰਬਰ
ਰਾਹੋਂ ਰੋਡ ’ਤੇ ਅੱਜ ਨਗਰ ਨਿਗਮ ਦੇ ਅਮਲੇ ਵੱਲੋਂ ਤਿੰਨ ਕਲੋਨੀਆਂ ਦੁਆਲੇ ਬਣੀਆਂ ਕੰਧਾਂ ਢਾਹ ਦਿੱਤੀਆਂ ਗਈਆਂ। ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਲੋਨੀ ਵਾਸੀਆਂ ਨੇ ਨਿਗਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਨਿਗਮ ਵੱਲੋਂ ਪ੍ਰਾਈਵੇਟ ਕਲੋਨੀ ਨੂੰ ਰਸਤਾ ਦੇਣ ਲਈ ਹਾਕਮ ਧਿਰ ਦੀ ਸ਼ਹਿ ’ਤੇ ਰਾਹੋਂ ਰੋਡ ਦੀ ਜੈਨ ਕਲੋਨੀ, ਭਾਗਿਆ ਹੋਮਜ਼ ਤੇ ਸਵਾਸਤਿਕ ਐਨਕਲੇਵ ਦੇ ਆਲੇ-ਦੁਆਲੇ ਬਣੀ ਕੰਧ ਅਤੇ ਮੇਨ ਗੇਟ ਢਾਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਕਲੋਨੀ ਵਾਸੀਆਂ ਨੇ ਪਹਿਲਾਂ ਹੀ ਸਟੇਅ ਆਰਡਰ ਲਿਆ ਹੋਇਆ ਹੈ ਪਰ ਅੱਜ ਬਿਨਾਂ ਨੋਟਿਸ ਦਿੱਤਿਆਂ ਨਿਗਮ ਨੇ ਅਦਾਲਤੀ ਹੁਕਮਾਂ ਦੇ ਉਲਟ ਕੰਧ ਤੇ ਗੇਟ ਢਾਹ ਦਿੱਤੇ ਹਨ। ਇਲਾਕਾ ਵਾਸੀਆਂ ਦੇ ਵਿਰੋਧ ਨੂੰ ਵੇਖਦਿਆਂ ਭਾਰੀ ਪੁਲੀਸ ਫੋਰਸ ਮੌਕੇ ’ਤੇ ਪੁੱਜੀ ਅਤੇ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਮਾਨ ਸਰਕਾਰ ਤੇ ਇਸ ਦੇ ਨੁਮਾਇੰਦੇ ਖੁੱਲ੍ਹੇਆਮ ਲੋਕਾਂ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਅਜਿਹੀਆ ਕਾਰਵਾਈਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।