ਅੰਬੂਜਾ ਸੀਮਿੰਟ ਫੈਕਟਰੀ ਦੀ ਉਸਾਰੀ ਖ਼ਿਲਾਫ਼ ਧਰਨਾ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 8 ਫਰਵਰੀ
ਕਸਬਾ ਸੈਲਾ ਖੁਰਦ ਦੇ ਨੇੜੇ ਪੈਂਦੇ ਪਿੰਡ ਨਰਿਆਲਾ ਦੀ ਜ਼ਮੀਨ ਵਿੱਚ ਲੱਗਣ ਲਈ ਪ੍ਰਸਤਾਵਿਤ ਅੰਬੂਜਾ ਸੀਮਿੰਟ ਫੈਕਟਰੀ ਦੇ ਵਿਰੋਧ ਵਿੱਚ ਇਲਾਕੇ ਦੇ ਵਸਨੀਕਾਂ ਵੱਲੋਂ ਐੱਸਡੀਐੱਮ ਦਫ਼ਤਰ ’ਚ ਧਰਨਾ ਦਿੱਤਾ ਗਿਆ ਅਤੇ ਐੱਸਡੀਐੱਮ ਸ਼ਿਵਰਾਜ ਬੱਲ ਨੂੰ ਮੰਗ ਪੱਤਰ ਦੇ ਕੇ ਫੈਕਟਰੀ ਲਾਉਣ ਸਬੰਧੀ ਜਨਤਕ ਸੁਣਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਐੱਸਡੀਐੱਮ ਦਫ਼ਤਰ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ, ਅੰਬੂਜਾ ਸੀਮੈਂਟ ਕੰਪਨੀ ਦੇ ਨੁਮਾਇੰਦਿਆਂ ਤੋਂ ਇਲਾਵਾ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਵੱਲੋਂ ਤਰਸੇਮ ਸਿੰਘ ਜੱਸੋਵਾਲ, ਜੇ.ਪੀ. ਹਾਂਡਾ, ਇੰਦਰਪਾਲ ਸਿੰਘ, ਗੁਰਮੁੱਖ ਸਿੰਘ ਸੋਢੀ, ਸੋਨਾ ਸਿੰਘ ਤੇ ਹਰਜੀਤ ਭਾਤਪੁਰ ਸਮੇਤ ਹੋਰ ਕਈ ਮੋਹਤਬਰ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੇ ਵੀ ਵੱਡੀ ਗਿਣਤੀ ਵਿੱਚ ਪੁੱਜ ਕੇ ਅੰਬੂਜਾ ਸੀਮੈਂਟ ਫੈਕਟਰੀ ਨੂੰ ਮਨਜ਼ੂਰੀ ਨਾ ਦੇਣ ਦੀ ਵੀ ਮੰਗ ਕੀਤੀ।
ਐੱਸਡੀਐੱਮ ਨਾਲ ਮੀਟਿੰਗ ਵਿੱਚ ਜਿੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਹੋਈ ਜਨਤਕ ਸੁਣਵਾਈ ਨਿਯਮਾਂ ਮੁਤਾਬਕ ਸੀ ਅਤੇ ਅੰਬੂਜਾ ਕੰਪਨੀ ਦੇ ਨੁਮਾਇੰਦਿਆਂ ਨੇ ਫੈਕਟਰੀ ਦੇ ਲਾਭ ਗਿਣਾਏ, ਉੱਥੇ ‘ਵਾਤਾਵਰਨ ਬਚਾਓ ਸੰਘਰਸ਼ ਕਮੇਟੀ’ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਸਵਾਲ ਕਰ ਕੇ ਲਾਜਵਾਬ ਕਰ ਦਿੱਤਾ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸਵਾਲ ਉਠਾਇਆ ਕਿ ਸਰਕਾਰੀ ਮਹਿਕਮਿਆਂ ਵੱਲੋਂ ਹਰ ਗੱਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ, ਪਰ ਜਨਤਕ ਸੁਣਵਾਈ ਲਈ ਇਲਾਕੇ ਦੇ ਦਰਜਨਾਂ ਪਿੰਡਾਂ ’ਚੋਂ ਸਿਰਫ਼ ਇੱਕ ਨੰਬਰਦਾਰ ਅਤੇ ਹਜ਼ਾਰਾਂ ਲੋਕਾਂ ’ਚੋਂ ਸਿਰਫ਼ 40-50 ਵਿਅਕਤੀਆਂ ਨੂੰ ਹੀ ਕਿਉਂ ਬੁਲਾਇਆ ਗਿਆ? ਇਸ ’ਤੇ ਐੱਸ.ਡੀ.ਐੱਮ. ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨੂੰ ਜਨਤਕ ਸੁਣਵਾਈ ’ਚ ਸ਼ਾਮਲ ਹੋਏ ਲੋਕਾਂ ਦੀ ਲਿਸਟ ਅਤੇ ਵੀਡੀਓਗ੍ਰਾਫੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੂੰ ਉਪਲੱਬਧ ਕਰਵਾਉਣ ਲਈ ਕਿਹਾ।
ਇਸ ਮੌਕੇ ਕਮੇਟੀ ਮੈਂਬਰਾਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਦੇ ਕੇ ਨਵੀ ਜਨਤਕ ਸੁਣਵਾਈ ਦੀ ਅਪੀਲ ਕੀਤੀ। ਇਸ ਮੌਕੇ ਐੱਸਡੀਐੱਮ ਨੇ ਕਮੇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਜਨਤਕ ਸੁਣਵਾਈ ਸਬੰਧੀ ਸਾਰੇ ਪੱਖ ਵਿਚਾਰ ਕੇ ਫ਼ੈਸਲਾ ਲਿਆ ਜਾਵੇਗਾ।