ਕਿਸਾਨੀ ਮਸਲੇ ਹੱਲ ਨਾ ਹੋਣ ਕਾਰਨ ਕੇਂਦਰ ਖ਼ਿਲਾਫ਼ ਰੋਸ
ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 30 ਸਤੰਬਰ
ਕਿਸਾਨਾਂ ਨੇ ਅੱਜ ਇਥੋਂ ਨਜ਼ਦੀਕੀ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਰੋਸ ਪ੍ਰਗਟਾਇਆ ਤੇ ਸਵੇਰ ਦਸ ਵਜੇ ਤੋਂ ਚਾਰ ਵਜੇ ਤਕ ਟੌਲ ਪਲਾਜ਼ਾ ਨੂੰ ਬੰਦ ਰੱਖਿਆ ਤੇ ਇਕ ਇਕ ਲੇਨ ਤੋਂ ਵਾਹਨਾਂ ਨੂੰ ਮੁਫਤ ਅੱਗੇ ਭੇਜਿਆ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅਤੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਲ ਸਿੰਘ ਰਾਮਪੁਰਾ, ਰੁਪਿੰਦਰ ਸਿੰਘ ਸੁਲਤਾਨਵਿੰਡ ਤੇ ਅੰਗਰੇਜ਼ ਸਿੰਘ ਚਾਟੀਵਿੰਡ ਦੀ ਪ੍ਰਧਾਨਗੀ ਹੇਠ ਬੰਦ ਕੀਤਾ ਗਿਆ। ਇਸ ਮੌਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਦੋ ਝੰਡੇ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਨਾਲ ਟਿਊਬਵੈਲ ਖਰਾਬ ਹੋ ਗਏ, ਜ਼ਮੀਨੀ ਪੱਧਰ ਖਰਾਬ ਹੋ ਗਿਆ, ਮਕਾਨ ਢਹਿ ਢੇਰੀ ਹੋ ਗਏ, ਫਸਲਾਂ ਨੁਕਸਾਨੀਆਂ ਗਈਆਂ ਹਨ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 6800 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ,ਉਥੇ ਹੀ ਅੱਜ ਪੰਜਾਬ ਸਰਕਾਰ ਨੇ ਹਾਲੇ ਤੱਕ ਨੁਕਸਾਨ ਦੇ ਮੁਆਵਜ਼ੇ ਸਬੰਧੀ ਕੋਈ ਵੀ ਐਲਾਨ ਨਹੀਂ ਕੀਤਾ।
ਮੁਆਵਜ਼ਾ ਨਾ ਮਿਲਣ ਤੇ ਬੈਂਕਾਂ ਵੱਲੋਂ ਸੰਮਨ ਭੇਜਣ ਖ਼ਿਲਾਫ਼ ਨਾਅਰੇਬਾਜ਼ੀ
ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਪ੍ਰਤੀ ਏਕੜ ਇਕ ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਮੁਕਤਸਰ, ਫਾਜ਼ਿਲਕਾ ਆਦਿ ਦੇ ਕਈ ਇਲਾਕਿਆਂ ’ਚ ਨਕਲੀ ਬੀਜਾਂ ਕਾਰਨ ਅਤੇ ਚਿੱਟੀ ਮੱਖੀ ਦੇ ਤੇਲੇ ਨਾਲ ਨਰਮੇ ਦੀ ਫਸਲ ਦਾ ਨੁਕਸਾਨ ਹੋਣ ਕਾਰਨ ਫਸਲ ਨੂੰ ਵਾਹੁਣਾ ਪਿਆ ਹੈ ਜਿਸ ਕਾਰਨ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ। ਇਨ੍ਹਾਂ ਸਾਰੀਆਂ ਫਸਲਾਂ ਦੀ ਸਰਕਾਰ ਗਿਰਦਾਵਰੀ ਕਰਵਾ ਕੇ ਬਣਦਾ ਯੋਗ ਮੁਆਵਜ਼ਾ ਦੇਵੇ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਕਨਿ ਦੀ ਬਿਮਾਰੀ ਫੈਲਣ ਕਾਰਨ ਪਸ਼ੂ ਧਨ ਦਾ ਨੁਕਸਾਨ ਹੋ ਚੁੱਕਾ ਹੈ ਪਰ ਸਰਕਾਰ ਨੇ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ। ਸਹਿਕਾਰੀ ਅਤੇ ਹੋਰ ਬੈਂਕਾਂ ਵੱਲੋਂ ਕਿਸਾਨਾਂ ਨੂੰ ਲਿਮਿਟਾਂ ਦੇ ਸੰਮਨ ਭੇਜ ਕੇ ਬਿਨਾ ਵਜ੍ਹਾ ਤੰਗ ਪ੍ਰੇਸ਼ਾਨ ਕਰਕੇ ਖੁਦਕੁਸ਼ੀਆਂ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਵੱਲ ਤੁਰੰਤ ਧਿਆਨ ਦੇਵੇ ਅਤੇ ਕਿਸਾਨਾਂ ਨੂੰ ਸੰਮਨ ਭੇਜਣੇ ਬੰਦ ਕਰੇ।ਇਸ ਮੌਕੇ ਜਥੇਬੰਦੀਆਂ ਦੇ ਆਗੂ ਦਵਿੰਦਰ ਸਿੰਘ ਚਾਟੀਵਿੰਡ, ਜਗਜੀਤ ਸਿੰਘ, ਹਰਜੀਤ ਸਿੰਘ ਜੌਹਲ, ਸੁਰਜੀਤ ਸਿੰਘ, ਕੈਪਟਨ ਹਰਪਾਲ ਸਿੰਘ, ਮੁਖਤਾਰ ਸਿੰਘ ਬਲਾਕ ਪ੍ਰਧਾਨ, ਬਚਿੱਤਰ ਸਿੰਘ ਕੋਟਲਾ, ਸੂਬਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ ਨੇ ਵੀ ਸੰਬੋਧਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਕਿਸਾਨ ਆਗੂ ਕਾਬਲ ਸਿੰਘ, ਬਲਵੰਤ ਸਿੰਘ ਪੰਡੋਰੀ, ਪਰਮਜੀਤ ਸਿੰਘ, ਬਾਬਾ ਬਚਿੱਤਰ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਕਾਰਜ ਸਿੰਘ, ਸਰਪੰਚ ਸੁਖਚੈਨ ਸਿਂੰਘ, ਸੁਖਦੇਵ ਸਿੰਘ, ਰਾਜਪਾਲ ਸਿੰਘ, ਮਿਲਖਾ ਸਿੰਘ ਮੌਜੂਦ ਸਨ।