ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਵਿਰੁੱਧ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਸਤੰਬਰ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਤੜਕਸਾਰ ਗ੍ਰਿਫਤਾਰ ਕੀਤੇ ਜਾਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਯੂਥ ਕਾਂਗਰਸ, ਸ਼ਹਿਰੀ ਤੇ ਦਿਹਾਤੀ ਕਾਂਗਰਸੀ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਖ-ਵੱਖ ਮਾਮਲਿਆਂ ’ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਜਲਾਲਾਬਾਦ 2015 ਦੇ ਇੱਕ ਪੁਰਾਣੇ ਕੇਸ ਵਿਚ ਇਹ ਗ੍ਰਿਫਤਾਰੀ ਕੀਤੀ ਗਈ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨ ਭੱਲਾ, ਹਨੀ ਜੋਸ਼ੀ ਅਤੇ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਨਿਧੜਕ ਆਗੂ ਹਨ ਜੋ ਰੋਜ਼ਾਨਾ ਪੰਜਾਬ ਦੇ ਕਿਸੇ ਨਾ ਕਿਸੇ ਮੱੁਦੇ `ਤੇ ਇਸ ਸਰਕਾਰ ਨੂੰ ਘੇਰਦੇ ਰਹਿੰਦੇ ਹਨ। ਇਸ ਕਰਕੇ ਪੰਜਾਬ ਸਰਕਾਰ ਵਲੋਂ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਗਈ ਹੈ।
ਕਾਰਵਾਈ ਅਸੰਵਿਧਾਨਿਕ ਤੇ ਨਿੰਦਣਯੋਗ: ਕਾਂਗਰਸ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਪੂਰੀ ਤਰ੍ਹਾਂ ਅਸੰਵਿਧਾਨਿਕ ਅਤੇ ਨਿੰਦਣਯੋਗ ਹੈ। ਮਾਨ ਸਰਕਾਰ ਪੰਜਾਬ ਅੰਦਰ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸੱਚ ਬੋਲਣ ਵਾਲਿਆਂ ਦੀ ਅਵਾਜ਼ ਨੂੰ ਦਬਾਉਣ ’ਚ ਲੱਗੀ ਹੋਈ ਹੈ ਪਰ ਸੂਬੇ ਦੀ ਜਨਤਾ ਹੁਣ ਇਨ੍ਹਾਂ ਦੀ ਸੱਚਾਈ ਜਾਣ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਗੁਪਤਾ ਅਤੇ ਸ਼ਹਿਰੀ ਪ੍ਰਧਾਨ ਨਵਪ੍ਰੀਤ ਰੈਹਲ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਖਹਿਰਾ ਤਾਂ ਪੰਜਾਬ ਦੇ ਲੋਕਾਂ ਨੂੰ ਸੱਚਾਈ ਤੋਂ ਵਾਕਿਫ਼ ਕਰਵਾਉਣ ਦਾ ਕੰਮ ਕਰ ਰਹੇ ਸਨ ਜੋ ਇਸ ਸਰਕਾਰ ਨੂੰ ਹਜ਼ਮ ਨਹੀਂ ਹੋਇਆ।